ਪਾਕਿ ਫੌਜ ਮੁਖੀ ਨੇ 12 ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਪੁਸ਼ਟੀ ਕੀਤੀ

07/13/2018 9:43:17 PM

ਇਸਲਾਮਾਬਾਦ— ਪਾਕਿਸਤਾਨ ਫੌਜ ਦੇ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਜੇਲ 'ਤੇ ਹਮਲੇ, ਸੁਰੱਖਿਆ ਕਰਮਚਾਰੀਆਂ ਤੇ ਆਮ ਨਾਗਰਿਕਾਂ ਦੀ ਹੱਤਿਆ 'ਚ ਸ਼ਾਮਲ ਰਹੇ 12 ਕੱਟੜ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਦੀ ਅੱਜ ਪੁਸ਼ਟੀ ਕੀਤੀ।
ਮੀਡੀਆ ਦੀ ਇਕ ਖਬਰ ਮੁਤਾਬਕ ਇਸ ਤੋਂ ਕੁਝ ਦਿਨ ਪਹਿਲਾਂ ਪਾਕਿਸਤਾਨੀ ਫੌਜ ਮੁਖੀ ਨੇ ਇੰਨੇ ਹੀ ਅੱਤਵਾਦੀਆਂ ਦੇ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦਿੱਤੀ ਸੀ। ਫੌਜ ਦੀ ਮੀਡੀਆ ਇਕਾਈ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਨੇ ਕਿਹਾ ਕਿ ਫੌਜ ਕਰਮਚਾਰੀਆਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ 'ਤੇ ਹਮਲਾ ਕਰਨ, ਵਿਦਿਅਕ ਅਦਾਰੇ, ਟੈਲੀਫੋਨ ਐਕਸਚੇਂਜ ਨੂੰ ਨੁਕਸਾਨ ਪਹੁੰਚਾਉਣ ਤੇ ਨਾਗਰਿਕਾਂ ਦੀ ਹੱਤਿਆ 'ਚ ਇਹ ਅੱਤਵਾਦੀ ਸ਼ਾਮਲ ਸਨ।
'ਐਕਸਪ੍ਰੈਸ ਟ੍ਰਿਬਿਊਨ' ਮੁਤਾਬਕ ਇਨ੍ਹਾਂ 'ਚ ਬਨੂੰ ਤੇ ਡੇਰਾ ਇਸਮਾਇਲ ਖਾਨ ਜੇਲਾਂ 'ਚ ਹਮਲਾ ਕਰਨ 'ਚ ਸ਼ਾਮਲ ਦੋਸ਼ੀ ਵੀ ਸਨ। ਪਾਕਿਸਤਾਨ ਫੌਜ ਮੁਖੀ ਨੇ 2 ਜੁਲਾਈ ਨੂੰ ਵੀ ਨਾਗਰਿਕਾਂ, ਸ਼ੀਆ ਘੱਟ ਗਿਣਤੀ ਤੇ ਸੁਰੱਖਿਆ ਕਰਮਚਾਰੀਆਂ ਦੀ ਹੱਤਿਆ 'ਚ ਸ਼ਾਮਲ ਰਹੇ 12 ਅੱਤਵਾਦੀਆਂ ਦੀ ਮੌਤ ਦੀ ਸਜ਼ਾ ਮਨਜ਼ੂਰ ਕੀਤੀ ਸੀ।