POK ''ਤੇ ਭਾਰਤੀ ਬਿਆਨ ਨਾਲ ਪਾਕਿ ਨੂੰ ਲੱਗੀਆਂ ਮਿਰਚਾਂ, ਅੰਤਰਰਾਸ਼ਟਰੀ ਭਾਈਚਾਰੇ ਨੂੰ ਕੀਤੀ ਅਪੀਲ

09/18/2019 3:07:37 PM

ਇਸਲਾਮਾਬਾਦ— ਭਾਰਤੀ ਵਲੋਂ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਪਾਕਿਸਤਾਨ ਤਰਲੋ ਮੱਛੀ ਹੋ ਰਿਹਾ ਹੈ। ਪਾਕਿਸਤਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) 'ਤੇ ਭਾਰਤ ਵਲੋਂ ਦਿੱਤੇ ਬਿਆਨ 'ਤੇ ਨੋਟਿਸ ਲਵੇ। ਪਾਕਿਸਤਾਨ ਨੇ ਨਾਲ ਹੀ ਇਹ ਚਿਤਵਨੀ ਵੀ ਦਿੱਤੀ ਹੈ ਕਿ ਅਜਿਹੀ 'ਭੜਕਾਊ' ਬਿਆਨਬਾਜ਼ੀ ਨਾਲ ਤਣਾਅ ਹੋਰ ਵਧੇਗਾ ਤੇ ਖੇਤਰੀ ਸ਼ਾਂਤੀ ਨੂੰ ਵੀ ਇਸ ਨਾਲ ਧੱਕਾ ਲੱਗੇਗਾ।

ਪਾਕਿਸਤਾਨ ਦਾ ਇਹ ਬਿਆਨ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਉਸ ਬਿਆਨ ਤੋਂ ਬਾਅਦ ਆਇਆ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ (ਪੀਓਕੇ) ਭਾਰਤ ਦਾ ਹਿੱਸਾ ਹੈ ਤੇ ਇਕ ਦਿਨ ਇਸ 'ਤੇ ਦਿੱਲੀ ਦਾ ਕੰਟਰੋਲ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਕਸ਼ਮੀਰ ਬਾਰੇ ਕੋਈ ਕੀ ਕਹਿ ਰਿਹਾ ਹੈ ਇਸ ਬਾਰੇ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਮਈ 'ਚ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਨਵੀਂ ਦਿੱਲੀ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਪਾਕਿਸਤਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਭਾਰਤ ਗੁਆਂਢੀ ਵਜੋਂ ਇਕ 'ਵਿਲੱਖਣ ਚੁਣੌਤੀ' ਦਾ ਸਾਹਮਣਾ ਕਰ ਰਿਹਾ ਹੈ ਤੇ ਇਹ ਚੁਣੌਤੀ ਉਦੋਂ ਤੱਕ ਬਣੀ ਰਹੇਗੀ ਜਦੋਂ ਤੱਕ ਪਾਕਿਸਤਾਨ ਇਕ ਆਮ ਗੁਆਂਢੀ ਜਿਹਾ ਵਤੀਰਾ ਨਹੀਂ ਕਰਦਾ ਤੇ ਅੱਤਵਾਦ ਨੂੰ ਨਹੀਂ ਰੋਕਦਾ।

ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਭਾਰਤੀ ਵਿਦੇਸ਼ ਮੰਤਰੀ ਦੇ ਬਿਆਨ ਤੋਂ ਬਾਅਦ ਕਿਹਾ ਕਿ ਭਾਰਤ ਵਲੋਂ ਅਜਿਹੇ 'ਗੈਰ-ਜ਼ਿੰਮੇਦਾਰਾਨਾ' ਤੇ 'ਭੜਕਾਊ' ਬਿਆਨ ਤਣਾਅ ਨੂੰ ਹੋਰ ਵਧਾਉਣਗੇ ਤੇ ਅਜਿਹੇ ਬਿਆਨਾਂ ਨਾਲ ਖੇਤਰੀ ਸ਼ਾਂਤੀ ਤੇ ਸੁਰੱਖਿਆ ਲਈ ਖਤਰਾ ਪੈਦਾ ਹੋ ਸਕਦਾ ਹੈ। ਵਿਦੇਸ਼ ਦਫਤਰ ਨੇ ਕਿਹਾ ਕਿ ਅਸੀਂ ਪਾਕਿਸਤਾਨ ਤੇ ਪੀ.ਓ.ਕੇ. ਬਾਰੇ ਭਾਰਤੀ ਵਿਦੇਸ਼ ਮੰਤਰੀ ਵਲੋਂ ਕੀਤੀਆਂ 'ਭੜਕਾਊ' ਤੇ 'ਗੈਰ-ਜ਼ਿੰਮੇਦਾਰ' ਟਿੱਪਣੀਆਂ ਦੀ ਸਖਤ ਨਿੰਦਾ ਕਰਦੇ ਹਾਂ। ਪਾਕਿਸਤਾਨ ਨੇ ਇਹ ਵੀ ਕਿਹਾ ਕਿ ਭਾਰਤ ਵਲੋਂ ਪੀਓਕੇ ਬਾਰੇ ਦਿੱਤਾ ਇਹ ਬਿਆਨ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਤੋਂ ਦੁਨੀਆ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਬਿਆਨ 'ਚ ਇਹ ਵੀ ਕਿਹਾ ਗਿਆ ਕਿ ਪਾਕਿਸਤਾਨ ਸ਼ਾਂਤੀ ਬਣਾਏ ਰੱਖਣ ਲਈ ਖੜ੍ਹਾ ਹੈ, ਪਰ ਕਿਸੇ ਵੀ ਹਮਲਾਵਰ ਕਾਰਵਾਈ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਵੀ ਤਿਆਰ ਰਹੇਗਾ।

Baljit Singh

This news is Content Editor Baljit Singh