ਪਾਕਿਸਤਾਨ ਨੇ ਗੈਰ-ਸਿੱਖਾਂ ਲਈ ਬੰਦ ਕੀਤੇ ਕਰਤਾਰਪੁਰ ਲਾਂਘੇ ਦੇ ਦਰਵਾਜ਼ੇ

01/01/2020 9:08:31 PM

ਲਾਹੌਰ(ਪੀ.ਟੀ.ਆਈ.)- ਪਾਕਿਸਤਾਨ ਦੇ ਕਰਤਾਰਪੁਰ ਵਿਚ ਇਤਿਹਾਸਕ ਗੁਰਦੁਆਰਾ ਦਰਬਾਰ ਸਾਹਿਬ (ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਵਿਸ਼ਰਾਮ ਸਥਾਨ) ਗੈਰ-ਸਿੱਖ ਯਾਤਰੀਆਂ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਸ਼ੁੱਕਰਵਾਰ ਤੋਂ ਤਿੰਨ ਦਿਨਾਂ ਲਈ ਬੰਦ ਰਹੇਗਾ। ਇਕ ਪਾਕਿਸਤਾਨੀ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਬੀ.ਪੀ.) ਦੇ ਬੁਲਾਰੇ ਅਮੀਰ ਹਾਸ਼ਮੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕਰਤਾਰਪੁਰ ਲਾਂਘਾ ਦਰਬਾਰ ਸਾਹਿਬ ਨੂੰ ਭਾਰਤ ਵਿਚ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਦਾ ਹੈ। ਪਾਕਿਸਤਾਨੀ ਸਰਕਾਰ ਨੇ ਕਰਤਾਰਪੁਰ ਸਾਹਿਬ ਨੂੰ 3 ਤੋਂ 5 ਜਨਵਰੀ ਤੱਕ ਤਿੰਨ ਦਿਨਾਂ ਲਈ ਗੈਰ-ਸਿੱਖ ਸ਼ਰਧਾਲੂਆਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਵਿਸ਼ੇਸ਼ ਤੌਰ ‘ਤੇ ਕਰਤਾਰਪੁਰ ਕੰਪਲੈਕਸ ਨਾਰੋਵਾਲ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦੇ ਜਸ਼ਨ ਮਨਾਏ ਜਾ ਸਕਣ। ਈ.ਟੀ.ਪੀ.ਬੀ. ਪਾਕਿਸਤਾਨ ਵਿਚ ਘੱਟ-ਗਿਣਤੀਆਂ ਦੇ ਪਵਿੱਤਰ ਸਥਾਨਾਂ ਦੀ ਦੇਖਭਾਲ ਕਰਦੀ ਹੈ।

ਹਾਸ਼ਮੀ ਨੇ ਕਿਹਾ ਕਿ ਸਰਕਾਰ ਨੇ ਕਰਤਾਰਪੁਰ ਸਾਹਿਬ ਨੂੰ ਗੈਰ-ਸਿੱਖ ਸ਼ਰਧਾਲੂਆਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਪਾਕਿਸਤਾਨ ਅਤੇ ਭਾਰਤ ਦੇ ਸਿੱਖ ਇਤਿਹਾਸਕ ਕਰਤਾਰਪੁਰ ਕੰਪਲੈਕਸ ਵਿਖੇ ਇਕੱਠੇ ਹੋ ਕੇ ਆਪਣੇ ਗੁਰੂ ਦਾ ਜਨਮ ਦਿਹਾੜਾ ਮਨਾ ਸਕਣ। ਅਧਿਕਾਰੀ ਨੇ ਕਿਹਾ ਕਿ ਸਿੱਖ ਧਰਮ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦਾ ਮੁੱਖ ਸਮਾਗਮ 5 ਜਨਵਰੀ ਨੂੰ ਕਰਤਾਰਪੁਰ ਵਿਖੇ ਹੋਵੇਗਾ। ਈ.ਟੀ.ਪੀ.ਬੀ. ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2 ਹਜ਼ਾਰ ਪਾਕਿਸਤਾਨੀ ਸਿੱਖ ਵੀ ਇਸ ਸਮਾਗਮ ਵਿਚ ਹਿੱਸਾ ਲੈਣਗੇ। ਉਹਨਾਂ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਸਖਤ ਸੁਰੱਖਿਆ ਉਪਾਅ ਕੀਤੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਤੇ ਐਤਵਾਰ ਨੂੰ 20,000 ਤੋਂ ਵਧੇਰੇ ਗੈਰ-ਸਿੱਖ ਸ਼ਰਧਾਲੂ ਕਰਤਾਰਪੁਰ ਭਵਨ ਦਾ ਦੌਰਾ ਕਰਦੇ ਹਨ, ਜੋ ਲਾਹੌਰ ਤੋਂ 120 ਕਿਲੋਮੀਟਰ ਦੀ ਦੂਰੀ 'ਤੇ ਹੈ। ਈ.ਟੀ.ਪੀ.ਬੀ. ਮੁਖੀ ਆਮਿਰ ਅਹਿਮਦ ਨੇ ਸਬੰਧਤ ਅਧਿਕਾਰੀਆਂ ਨੂੰ ਸਮਾਗਮ ਲਈ ਸਾਰੇ ਲੋੜੀਂਦੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ।

ਕਰਤਾਰਪੁਰ ਲਾਂਘੇ ਦਾ ਉਦਘਾਟਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ 9 ਨਵੰਬਰ ਨੂੰ ਕੀਤਾ ਗਿਆ ਸੀ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਅਦਾਕਾਰ ਤੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਤੇ ਸਾਬਕਾ ਕ੍ਰਿਕਟਰ ਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਵਰਗੇ ਮਹਿਮਾਨ ਉਦਘਾਟਨ ਸਮਾਗਮ ਵਿਚ ਸ਼ਾਮਲ ਹੋਏ ਸਨ। ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਮੁਤਾਬਕ ਰੋਜ਼ਾਨਾ 5000 ਸਿੱਖ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰ ਸਕਦੇ ਹਨ।

Baljit Singh

This news is Content Editor Baljit Singh