ਪਾਕਿਸਤਾਨ : ਖੈਬਰ ਪਖਤੂਨਖਵਾਹ ਦਾ ਇਕੱਲਾ ਸਿੱਖ ਉਮੀਦਵਾਰ ਚੋਣਾਂ ਲੜ੍ਹਣ ਲਈ ਤਿਆਰ

07/12/2018 3:01:36 AM

ਪੇਸ਼ਾਵਰ — ਪਾਕਿਸਤਾਨ 'ਚ ਖੈਬਰ ਪਖਤੂਨਖਵਾਹ ਸੂਬੇ ਦੇ ਸ਼ਹਿਰ ਪੇਸ਼ਾਵਰ 'ਚ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਰਦੇਸ਼ ਸਿੰਘ ਟੋਨੀ ਇਕੱਲੇ ਅਜਿਹੇ ਉਮੀਦਵਾਰ ਹਨ, ਜੋ ਘੱਟ ਗਿਣਤੀ ਵਾਲੇ ਭਾਈਚਾਰੇ 'ਚ ਆਉਂਦੇ ਹਨ ਅਤੇ ਉਹ ਵੀ ਜਨਰਲ ਸੀਟ 'ਤੇ ਵੱਡੇ ਸਿਆਸੀ ਦਲਾਂ ਦੇ ਮਜ਼ਬੂਤ ਉਮੀਦਵਾਰਾਂ ਦੇ ਸਾਹਮਣੇ ਮੈਦਾਨ 'ਚ ਉਤਰੇ ਹਨ। ਰਦੇਸ਼ ਸਿੰਘ ਦਾ ਕਹਿਣਾ ਹੈ ਕਿ ਇਹ ਮੁਕਾਬਲਾ ਮੁਸ਼ਕਿਲ ਹੈ, ਉਨ੍ਹਾਂ ਨੂੰ ਡਰ ਵੀ ਹੈ ਪਰ ਉਹ ਇਸ ਦੇ ਬਾਵਜੂਦ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਲੋਕ ਉਨ੍ਹਾਂ ਨੂੰ ਜ਼ਰੂਰ ਵੋਟ ਦੇਣਗੇ।


ਉਹ ਪੇਸ਼ਾਵਰ ਦੀ ਅਸੈਂਬਲੀ ਸੀਟ ਨੰਬਰ 75 'ਤੇ ਚੋਣਾਂ ਲੱੜ ਰਹੇ ਹਨ ਅਤੇ ਉਹ ਇਨ੍ਹਾਂ ਦਿਨੀਂ ਘਰ-ਘਰ ਜਾ ਕੇ ਲੋਕਾਂ ਤੋਂ ਵੋਟ ਲਈ ਅਪੀਲ ਕਰਦੇ ਰਹੇ ਹਨ। ਗੱਲਬਾਤ ਦੌਰਾਨ ਉਨ੍ਹਾਂ ਦਾ ਕਹਿਣਾ ਸੀ ਕਿ ਫਿਲਹਾਲ ਤਾਂ ਸਿਰਫ ਉਹ ਅਤੇ ਉਨ੍ਹਾਂ ਦਾ ਪੁੱਤਰ ਚੋਣ ਪ੍ਰਚਾਰ ਕਰ ਰਹੇ ਹਨ। ਪਰ ਉਨ੍ਹਾਂ ਦਾ ਦਾਅਵਾ ਸੀ ਕਿ ਸਥਾਨਕ ਲੋਕ ਵੀ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਰਦੇਸ਼ ਸਿੰਘ ਕਹਿੰਦੇ ਹਨ ਕਿ ਕੁਝ ਦਿਨ ਪਹਿਲਾਂ ਸਿੱਖ ਸਮਾਜ ਦੇ ਇਕ ਮੈਂਬਰ ਹੀ ਹੱਤਿਆ ਕਰ ਦਿੱਤੀ ਗਈ ਸੀ। ਹਾਲਾਂਕਿ ਇਸ ਦੇ ਬਾਵਜੂਦ ਉਨ੍ਹਾਂ ਦਾ ਭਰੋਸਾ ਕਮਜ਼ੋਰ ਨਹੀਂ ਹੋਇਆ ਅਤੇ ਉਹ ਆਪਣੀ ਜਿੱਤ ਨੂੰ ਲੈ ਕੇ ਭਰੋਸੇਮੰਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤਰ ਦੇ ਮੁਸਲਮਾਨ ਅਤੇ ਦੂਜੇ ਧਰਮ ਦੇ ਵੋਟਰ ਉਨ੍ਹਾਂ ਦੇ ਪੱਖ 'ਚ ਖੜ੍ਹੇ ਹਨ।


ਖੈਬਰ ਪਖਤੂਨਖਵਾਹ ਸੂਬੇ 'ਚ ਉਹ ਇਕੱਲੇ ਉਮੀਦਵਾਰ ਹਨ ਜਿਨ੍ਹਾਂ ਦਾ ਸੰਬੰਧ ਘੱਟ ਗਿਣਤੀ ਭਾਈਚਾਰੇ ਨਾਲ ਹੈ ਪਰ ਉਹ ਜਨਰਲ ਸੀਟ 'ਤੇ ਚੋਣਾਂ ਲੱੜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 2003 ਤੋਂ ਬਾਅਦ ਜਦੋਂ ਘੱਟ ਗਿਣਤੀਆਂ ਲਈ ਅਲਗ ਤੋਂ ਚੋਣ ਵਿਵਸਥਾ ਖਤਮ ਕਰ ਦਿੱਤੀ ਗਈ, ਉਸ ਤੋਂ ਬਾਅਦ ਜਨਰਲ ਸੀਟ 'ਤੇ ਘੱਟ ਗਿਣਤੀ ਭਾਈਚਾਰੇ ਦਾ ਕੋਈ ਵੀ ਉਮੀਦਵਾਰ ਸਾਹਮਣੇ ਨਹੀਂ ਆਇਆ ਸੀ। ਰਦੇਸ਼ ਸਿੰਘ ਪਹਿਲਾਂ ਨਗਰ ਦੀਆਂ ਚੋਣਾ 'ਚ ਘੱਟ ਗਿਣਤੀ ਭਾਈਚਾਰੇ ਲਈ ਰਿਜ਼ਵਰਡ ਸੀਟ 'ਤੇ ਕੌਂਸਲਰ ਚੁਣੇ ਗਏ ਸਨ ਪਰ ਇਨ੍ਹਾਂ ਚੋਣਾਂ 'ਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਕੌਂਸਲਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 49 ਸਾਲ ਦੇ ਰਦੇਸ਼ ਸਿੰਘ 2011 ਤੱਕ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) 'ਚ ਘੱਟ ਗਿਣਤੀ ਭਾਈਚਾਰੇ ਵਿੰਗ ਦੇ ਨੇਤਾ ਸਨ।

 

ਉਹ ਕਹਿੰਦੇ ਹਨ ਕਿ 2011 ਤੋਂ ਬਾਅਦ ਪੀ. ਟੀ. ਆਈ. 'ਚ ਅਮੀਰਾਂ ਨੂੰ ਪਹਿਲ ਦਿੱਤੀ ਜਾਣ ਲੱਗੀ ਅਤੇ ਉਨ੍ਹਾਂ ਜਿਹੇ ਲੋਕਾਂ ਲਈ ਪਾਰਟੀ 'ਚ ਕੋਈ ਥਾਂ ਨਹੀਂ ਬਚੀ। ਉਨ੍ਹਾਂ ਨੇ ਪਸ਼ਤੂਨੋਂ ਦੇ ਅੰਦੋਲਨ ਦਾ ਸਮਰਥਨ ਵੀ ਕੀਤਾ ਸੀ ਪਰ ਹੁਣ ਉਹ ਉਸ ਸੰਗਠਨ ਦੇ ਮੈਂਬਰ ਨਹੀਂ ਰਹੇ ਕਿਉਂਕਿ ਚੋਣਾਂ  ਲੜ੍ਹਣ  ਦੇ ਫੈਸਲੇ ਕਾਰਨ ਪਸ਼ਤੂਨੋਂ ਦੇ ਅੰਦੋਲਨ ਤੋਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ। ਪੱਤਰਕਾਰਾਂ ਵੱਲੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਸਿਆਸੀ ਪਾਰਟੀਆਂ ਨਾਲ ਕੋਈ ਸੰਪਰਕ ਕੀਤਾ ਹੈ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਸੀ ਕਿ ਮਜ਼ਦੂਰ ਕਿਸਾਨ ਪਾਰਟੀ ਅਤੇ ਦੂਜੀਆਂ ਛੋਟੀਆਂ ਪਾਰਟੀਆਂ ਨੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਵੀ ਐਲਾਨ ਕੀਤਾ ਹੈ।


ਮਜ਼ਦੂਰ ਕਿਸਾਨ ਪਾਰਟੀ ਦੇ ਪ੍ਰਮੁੱਖ ਮੁਹੰਮਦ ਨਜ਼ੀਫ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਰਦੇਸ਼ ਸਿੰਘ ਦਾ ਚੋਣਾਂ 'ਚ ਹਿੱਸਾ ਲੈਣਾ ਪੇਸ਼ਾਵਰ ਦੀ ਜਨਤਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਰਦੇਸ਼ ਸਿੰਘ ਦੇ ਚੋਣ ਮੈਦਾਨ 'ਚ ਹੋਣ ਨਾਲ ਦੁਨੀਆ ਭਰ 'ਚ ਪੇਸ਼ਾਵਰ ਦਾ ਚੰਗਾ ਅਕਸ ਬਣੇਗਾ। ਉਨ੍ਹਾਂ ਮੁਤਾਬਕ ਦੁਨੀਆ ਦੇ ਲੋਕਾਂ ਨੂੰ ਪਤਾ ਲਗੇਗਾ ਕਿ ਪਸ਼ਤੂਨੋਂ 'ਚ ਹਰ ਧਰਮ ਦੇ ਲੋਕਾਂ ਨੂੰ ਹਿੱਸੇਦਾਰੀ ਦੇਣ ਦਾ ਰਿਵਾਜ ਹੈ। ਉਨ੍ਹਾਂ ਨੇ ਕਿਹਾ ਕਿ ਜਨਰਲ ਸੀਟ 'ਤੇ ਦੂਜੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਸਿਆਸੀ ਮੈਦਾਨ 'ਚ ਪੈਰ ਰੱਖਣਾ ਚਾਹੀਦਾ ਹੈ। ਰਦੇਸ਼ ਸਿੰਘ ਟੋਨੀ ਨੂੰ ਦੂਜੇ ਘੱਟ ਗਿਣਤੀ ਦੇ ਭਾਈਚਾਰਿਆਂ ਨੇ ਸਮਰਥਨ ਦੇਣਾ ਦਾ ਭਰੋਸਾ ਦਿਵਾਇਆ ਹੈ। ਹਾਲਾਂਕਿ ਉਨ੍ਹਾਂ ਦੀ ਕੋਸ਼ਿਸ਼ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦਾ ਭਰੋਸਾ ਜਿੱਤਣ ਦੀ ਵੀ ਹੈ।