ਪਾਕਿਸਤਾਨ : ਟਰਾਂਸਜੈਂਡਰਾਂ ਦੇ ਹੱਕ ਲਈ ਖੜ੍ਹਾ ਹੋਇਆ ਸਿੱਖ ਵਿਅਕਤੀ

05/26/2018 1:55:51 PM

ਇਸਲਾਮਾਬਾਦ— ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਵਾ 'ਚ ਰਹਿਣ ਵਾਲੇ ਇਕ ਸਿੱਖ ਵਿਅਕਤੀ ਨੇ ਟਰਾਂਸਜੈਂਡਰ ਭਾਈਚਾਰੇ ਦੇ ਅਧਿਕਾਰਾਂ ਦੇ ਹੱਕ ਲਈ ਆਵਾਜ਼ ਉਠਾਈ ਹੈ। 'ਨੈਸ਼ਨਲ ਕੌਂਸਲ ਫਾਰ ਮਿਨੀਆਰਟੀ ਰਾਈਟਸ' ਦੇ ਮੁਖੀ ਰਾਦੇਸ਼ ਸਿੰਘ ਟੋਨੀ ਇਸ ਭਾਈਚਾਰੇ ਨੂੰ ਬਣਦਾ ਸਨਮਾਨ ਦੇਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਉਹ ਉਨ੍ਹਾਂ ਨੂੰ ਘੁੰਮਾਉਣ ਲਈ ਲੈ ਕੇ ਜਾਂਦੇ ਹਨ, ਉਨ੍ਹਾਂ ਲਈ ਖੇਡ ਮੇਲਿਆਂ ਦਾ ਪ੍ਰਬੰਧ ਕਰਦੇ ਹਨ ਅਤੇ ਉਨ੍ਹਾਂ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਦੇ ਹਨ। 
ਉਨ੍ਹਾਂ ਕਿਹਾ ਕਿ ਟਰਾਂਸਜੈਂਡਰਾਂ ਨੂੰ ਸਮਾਜ 'ਚ ਨਫਰਤ ਭਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਇੱਥੋਂ ਤਕ ਕਿ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਵੀ ਉਨ੍ਹਾਂ ਨੂੰ ਕੁੱਟਿਆ-ਮਾਰਿਆ ਜਾਂਦਾ ਹੈ। ਉਨ੍ਹਾਂ ਨੂੰ ਸਮਾਜ ਤੋਂ ਪਰ੍ਹੇ ਰੱਖਿਆ ਜਾਂਦਾ ਹੈ ਜੋ ਕਿ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਵਧੇਰੇ ਟਰਾਂਸਜੈਂਡਰ ਵਿਆਹਾਂ ਆਦਿ 'ਚ ਨੱਚ ਕੇ ਹੀ ਜ਼ਿੰਦਗੀ ਬਤੀਤ ਕਰਦੇ ਹਨ। ਪਾਕਿਸਤਾਨ 'ਚ ਅਜਿਹੇ ਕਈ ਕੇਸ ਦੇਖੇ ਗਏ ਹਨ ਜਦ ਟਰਾਂਸਜੈਂਡਰਾਂ ਦਾ ਜਿਨਸੀ ਸ਼ੋਸ਼ਣ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ 2017 'ਚ ਸਿਰਫ ਖੈਬਰ ਪਖਤੂਨਵਾ ਸੂਬੇ 'ਚ ਹੀ 57 ਟਰਾਂਸਜੈਂਡਰਾਂ ਦਾ ਕਤਲ ਕੀਤਾ ਗਿਆ ਸੀ।