ਪਾਕਿ: ਪੰਜਾਬ ਸਰਕਾਰ ਦਾ ਫੈਸਲਾ, ਅੱਗੇ ਨਹੀਂ ਵਧਾਈ ਜਾਵੇਗੀ ਨਵਾਜ਼ ਸ਼ਰੀਫ ਦੀ ਜ਼ਮਾਨਤ

02/25/2020 5:21:51 PM

ਲਾਹੌਰ- ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮੈਡੀਕਲ ਆਧਾਰ 'ਤੇ ਦਿੱਤੀ ਜਾ ਰਹੀ ਜ਼ਮਾਨਤ ਨੂੰ ਅੱਗੇ ਨਹੀਂ ਵਧਾਉਣ ਦਾ ਫੈਸਲਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਦੇ ਕਾਨੂੰਨ ਮੰਤਰੀ ਰਾਜਾ ਬਸ਼ਾਰਤ ਨੇ ਕਿਹਾ ਕਿ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ 70 ਸਾਲਾ ਨੇਤਾ ਦੀ ਜ਼ਮਾਨਤ ਦੀ ਮਿਆਦ ਵਧਾਉਣ ਦੇ ਲਈ ਕੋਈ ਕਾਨੂੰਨੀ, ਨੈਤਿਕ ਜਾਂ ਕੋਈ ਠੋਸ ਸਬੂਤ ਨਹੀਂ ਹੈ।

ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਤੇ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਵਿਵਾਦ ਦੇ ਵਿਚਾਲੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ 19 ਨਵੰਬਰ 2019 ਨੂੰ ਇਲਾਜ ਲਈ ਲੰਡਨ ਰਵਾਨਾ ਹੋਏ ਸਨ। 23 ਦਸੰਬਰ ਨੂੰ ਉਹਨਾਂ ਨੇ ਲਾਹੌਰ ਹਾਈ ਕੋਰਟ ਵਲੋਂ ਦਿੱਤੀ ਗਈ ਚਾਰ ਹਫਤੇ ਦੀ ਮਿਆਦ ਖਤਮ ਹੋਣ 'ਤੇ ਆਪਣੇ ਵਿਦੇਸ਼ ਰਹਿਣ ਦੀ ਮਿਆਦ ਵਿਚ ਵਿਸਥਾਰ ਦੀ ਮੰਗ ਕੀਤੀ। ਪੰਜਾਬ ਸਰਕਾਰ ਨੇ ਇਸ 'ਤੇ ਫੈਸਲਾ ਲੈਣ ਲਈ ਚਾਰ-ਮੈਂਬਰੀ ਕਮੇਟੀ ਦਾ ਗਠਨ ਕੀਤਾ ਤੇ ਫੈਸਲਾ ਲੈਣ ਦੇ ਲਈ ਨਵੇਂ ਸਿਰੇ ਤੋਂ ਮੈਡੀਕਲ ਰਿਪੋਰਟ ਮੰਗੀ।

ਸੂਬਾਈ ਸਿਹਤ ਮੰਤਰੀ ਡਾਕਟਰ ਯਾਸਮੀਨ ਰਾਸ਼ਿਦ ਸਣੇ ਪੰਜਾਬ ਕੈਬਨਿਟ ਦੇ ਹੋਰ ਮੈਂਬਰਾਂ ਦੇ ਨਾਲ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਬਸ਼ਾਰਤ ਨੇ ਕਿਹਾ ਕਿ ਕਮੇਟੀ ਨੇ ਇਹ ਫੈਸਲਾ ਲਿਆ ਹੈ ਕਿ ਨਵਾਜ਼ ਸ਼ਰੀਫ ਦੀ ਜ਼ਮਾਨਤ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ। ਉਹਨਾਂ ਨੇ ਦੱਸਿਆ ਕਿ ਲਾਹੌਰ ਕੋਰਟ ਨੇ ਉਹਨਾਂ ਨੂੰ 8 ਹਫਤਿਆਂ ਦੀ ਜ਼ਮਾਨਤ ਦਿੱਤੀ ਸੀ। ਹਾਲਾਂਕਿ ਇਸ ਦੌਰਾਨ ਹੋਰ ਚਾਰ ਹਫਤੇ ਬੀਤ ਗਏ ਹਨ।

Baljit Singh

This news is Content Editor Baljit Singh