ਪਾਕਿਸਤਾਨੀ ਪਹਿਲੀ ਸਿੱਖ ਪੱਤਰਕਾਰ ਨੇ ਕਿਹਾ-' ਦਿਲ ਦੀ ਇੱਛਾ ਕਿ ਅੰਮ੍ਰਿਤਸਰ ਜਾਵਾਂ'

05/16/2018 3:54:26 PM

ਪੇਸ਼ਾਵਰ— ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਵਾ ਦੇ ਸ਼ਹਿਰ ਪੇਸ਼ਾਵਰ 'ਚ ਪਹਿਲੀ ਵਾਰ ਇਕ ਸਿੱਖ ਮਹਿਲਾ ਪੱਤਰਕਾਰ ਬਣੀ ਹੈ। ਇਕ ਨਿੱਜੀ ਚੈਨਲ ਲਈ ਕੰਮ ਕਰਨ ਵਾਲੀ ਮਨਮੀਤ ਕੌਰ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਉਸ ਨੂੰ ਇਹ ਮੁਕਾਮ ਹਾਸਲ ਹੋਇਆ ਹੈ। ਉਸ ਨੇ ਕਿਹਾ ਕਿ ਉਹ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਪਾਕਿਸਤਾਨ ਦੀ ਹਕੂਮਤ ਤੱਕ ਪਹੁੰਚਾਵੇਗੀ। ਉਹ ਇੱਥੇ ਸਿੱਖਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਪ੍ਰੋਗਰਾਮ ਵੀ ਕਵਰ ਕਰੇਗੀ। 
ਉਸ ਨੇ ਕਿਹਾ ਕਿ ਉਸ ਦੀ ਦਿਲੀ ਇਹ ਇੱਛਾ ਹੈ ਕਿ ਉਹ ਅੰਮ੍ਰਿਤਸਰ ਵਿਖੇ ਜਾਵੇ ਅਤੇ ਇੱਥੇ ਧਾਰਮਿਕ ਸਟੋਰੀਜ਼ ਨੂੰ ਕਵਰ ਕਰੇ। ਉਸ ਨੇ ਕਿਹਾ ਕਿ ਉਹ ਪਾਕਿਸਤਾਨ 'ਚ ਰਹਿ ਰਹੇ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨਾ ਚਾਹੁੰਦੀ ਹੈ। ਉਹ ਆਪਣੇ ਭਾਈਚਾਰੇ ਲਈ ਆਦਰਸ਼ ਬਣਨਾ ਚਾਹੁੰਦੀ ਹੈ ਤਾਂ ਕਿ ਸਿੱਖਿਆ ਦੇ ਨਾਲ-ਨਾਲ ਕੁੜੀਆਂ ਨੂੰ ਹਰ ਖੇਤਰ 'ਚ ਬਰਾਬਰ ਦੇ ਮੌਕੇ ਮਿਲ ਸਕਣ। ਉਸ ਨੇ 'ਜਿੰਨਾਹ ਕਾਲਜ ਫਾਰ ਵਿਮੈਨ' (ਪੇਸ਼ਾਵਰ) 'ਚ ਸਮਾਜਿਕ ਵਿਗਿਆਨ 'ਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਉਹ ਚਾਹੁੰਦੀ ਹੈ ਕਿ ਔਰਤਾਂ ਨੂੰ ਬਰਾਬਰੀ ਦਾ ਮੌਕਾ ਮਿਲੇ। ਉਸ ਨੇ ਦੱਸਿਆ ਕਿ ਉਸ ਦੇ ਮਾਤਾ ਜੀ ਹਾਊਸ ਵਾਈਫ ਰਹੇ ਹਨ। ਉਸ ਦੇ ਚਾਰ ਭੈਣ-ਭਰਾ ਹਨ ਅਤੇ ਉਹ ਅਤੇ ਉਸ ਦੀ ਭੈਣ ਦੋਵੇਂ ਨੌਕਰੀ ਕਰਦੀਆਂ ਹਨ ਅਤੇ ਘਰ ਦਾ ਖਰਚਾ ਚਲਾਉਂਦੀਆਂ ਹਨ। ਮਨਮੀਤ ਕੰਪਿਊਟਰ ਅਕੈਡਮੀ 'ਚ 3 ਸਾਲਾਂ ਲਈ ਕੰਮ ਕਰ ਚੁੱਕੀ ਹੈ। ਉਸ ਨੇ ਕਿਹਾ ਕਿ ਉਸ ਦੇ ਅੰਕਲ ਰਾਦੇਸ਼ ਸਿੰਘ ਟੋਨੀ ਨੇ ਉਸ ਨੂੰ ਰਿਪੋਟਿੰਗ ਕਰਨ ਲਈ ਪ੍ਰੇਰਿਤ ਕੀਤਾ ਹੈ। ਉਸ ਨੂੰ ਕਦੇ ਵੀ ਮਹਿਸੂਸ ਨਹੀਂ ਹੋਇਆ ਕਿ ਔਰਤ ਹੋਣ ਕਾਰਨ ਉਸ ਨਾਲ ਕੋਈ ਫਰਕ ਕੀਤਾ ਜਾਂਦਾ ਹੈ। ਉਸ ਨੇ ਕਿਹਾ ਕਿ ਹੁਣ ਪਾਕਿਸਤਾਨ ਕਾਫੀ ਬਦਲ ਚੁੱਕਾ ਹੈ ਅਤੇ ਉਸ 'ਤੇ ਕਦੇ ਬੁਰਕਾ ਪਾਉਣ ਲਈ ਜ਼ੋਰ ਨਹੀਂ ਪਾਇਆ ਗਿਆ। ਇਸ ਦੇ ਨਾਲ ਹੀ ਉਸ ਨੂੰ ਘੱਟ ਗਿਣਤੀ ਵਰਗ 'ਚੋਂ ਹੋਣ ਦੇ ਬਾਵਜੂਦ ਕਦੇ ਵੀ ਵਿਤਕਰੇ ਦਾ ਸਾਹਮਣਾ ਨਹੀਂ ਕਰਨਾ ਪਿਆ। ਉਸ ਨੇ ਕਿਹਾ ਕਿ ਉਹ ਪਹਿਲੀ ਸਿੱਖ ਮਹਿਲਾ ਪੱਤਰਕਾਰ ਹੈ ਅਤੇ ਉਹ ਹੋਰਾਂ ਨੂੰ ਵੀ ਇਸ ਪ੍ਰਤੀ ਪ੍ਰੇਰਿਤ ਕਰਦੀ ਹੈ।