ਟਰੰਪ ਤੇ ਇਮਰਾਨ ਦੀ ਮੁਲਾਕਾਤ ''ਤੇ ਬੋਲੇ ਪਾਕਿ ਮੰਤਰੀ: ''ਅੱਲਾਹ ਖੈਰ ਕਰੇ''

07/15/2019 3:00:07 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸੁਭਾਅ ਇਕੋ ਜਿਹਾ ਹੈ। ਇਹ ਕਹਿਣਾ ਹੈ ਕਿ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਦਾ। ਉਨ੍ਹਾਂ ਨੇ ਕਿਹਾ ਕਿ ਅਜਿਹੇ 'ਚ ਦੋਵਾਂ ਨੇਤਾਵਾਂ ਦੀ ਮੁਲਾਕਾਤ ਦੀ ਸਫਲਤਾ ਦੀ ਪ੍ਰਾਰਥਨਾ ਹੀ ਹੈ।

ਸ਼ੇਖ ਰਸ਼ੀਦ ਨੇ ਕਿਹਾ ਕਿ ਹੁਣ ਇਨ੍ਹਾਂ ਦੀ ਮੁਲਾਕਾਤ ਹੋਣ ਜਾ ਰਹੀ ਹੈ, ਅੱਲਾਹ ਖੈਰ ਕਰੇ। ਪਾਕਿਸਤਾਨ ਦੀ ਅਖਬਾਰ 'ਜੰਗ' ਦੀ ਰਿਪੋਰਟ ਦੇ ਮੁਤਾਬਿਕ, ਰੇਲਵੇ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਰਾਸ਼ਟਰਪਤੀ ਟਰੰਪ ਨਾਲ ਮਿਲਣ ਅਮਰੀਕਾ ਜਾ ਰਹੇ ਹਨ। ਇਹ ਪਾਕਿਸਤਾਨ ਦੇ ਇਤਿਹਾਸ ਦੀ ਇਕ ਅਹਿਮ ਮੁਲਾਕਾਤ ਹੋਵੇਗੀ। ਉਨ੍ਹਾਂ ਨੇ ਇਸ ਪਾਸੇ ਸੰਕੇਤ ਦਿੰਦੇ ਹੋਏ ਕਿਹਾ ਕਿ ਦੋਵਾਂ ਦੀ ਮੁਲਾਕਾਤ 'ਚ ਕਿਤੇ ਕੋਈ ਪੇਚ ਨਾ ਫਸ ਜਾਵੇ। ਉਨ੍ਹਾਂ ਨੇ ਕਿਹਾ ਕਿ ਦੋਵੇਂ ਹੀ ਨੇਤਾ ਆਪਣੇ ਖਾਸ ਅੰਦਾਜ਼ ਲਈ ਜਾਣੇ ਜਾਂਦੇ ਹਨ। ਅਜਿਹੇ 'ਚ ਇਨ੍ਹਾਂ ਦੀ ਮੁਲਾਕਾਤ ਨੂੰ ਲੈ ਕੇ ਅੱਲਾਹ ਖੈਰ ਕਰੇ ਤੇ ਸਭ ਠੀਕ ਰਹੇ।

ਦੱਸ ਦਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਮਹੀਨੇ ਅਮਰੀਕਾ ਦੌਰੇ 'ਤੇ ਜਾਣਗੇ। 22 ਜੁਲਾਈ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵਾਈਟ ਹਾਊਸ 'ਚ ਸਵਾਗਤ ਕਰਨਗੇ। ਦੋਵਾਂ ਦੇਸ਼ਾਂ ਦੇ ਪ੍ਰਧਾਨਾਂ ਦੇ ਵਿਚਾਲੇ ਹੋਣ ਵਾਲੀ ਇਸ ਮੁਲਾਕਾਤ 'ਚ ਸ਼ਾਂਤੀ, ਸਥਿਰਤਾ ਤੇ ਆਰਥਿਕ ਖੁਸ਼ਹਾਲੀ ਵਰਗੇ ਮੁੱਦਿਆਂ 'ਤੇ ਚਰਚਾ ਹੋਵੇਗੀ।

ਸ਼ੇਖ ਰਸ਼ੀਦ ਨੇ ਪਾਕਿਸਤਾਨ ਦੀ ਵਿਰੋਧੀ ਪਾਰਟੀ ਮੁਸਲਿਮ ਲੀਗ ਨਵਾਜ਼ ਦੀ ਨੇਤਾ ਮਰੀਅਮ ਨਵਾਜ਼ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨੇ ਹਾਲ 'ਚ ਵੀਡੀਓ ਜਾਰੀ ਕਰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜੱਜ 'ਤੇ ਦਬਾਅ ਪਾ ਕੇ ਉਨ੍ਹਾਂ ਦੇ ਪਿਤਾ ਨੂੰ ਸਜ਼ਾ ਦਿਵਾਈ ਗਈ। ਇਸ 'ਤੇ ਰਸ਼ੀਦ ਨੇ ਕਿਹਾ ਕਿ ਮਰੀਅਮ ਆਪਣੀ ਪਾਰਟੀ ਨੂੰ ਤਬਾਹ ਕਰਕੇ ਹੀ ਛੱਡੇਗੀ। ਉਨ੍ਹਾਂ ਨੇ ਕਿਹਾ ਕਿ ਅਦਾਲਤ ਤੇ ਫੌਜ 'ਤੇ ਇਲਜ਼ਾਮ ਲਗਾਕੇ ਟਾਰਜ਼ਨ ਬਣਨ ਵਾਲੇ ਲੋਕਾਂ ਦੀ ਹੁਣ ਖੈਰ ਨਹੀਂ।

Baljit Singh

This news is Content Editor Baljit Singh