ਮੁਸ਼ੱਰਫ ਨੂੰ ਮੌਤ ਦੀ ਸਜ਼ਾ ਦੇ ਫੈਸਲੇ ''ਤੇ ਸਮੀਖਿਆ ਕਰੇਗੀ ਇਮਰਾਨ ਸਰਕਾਰ

12/17/2019 8:34:20 PM

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਰਾਸ਼ਟਰਪਤੀ ਤੇ ਭਾਰਤ ਦੇ ਖਿਲਾਫ ਅੱਤਵਾਦੀਆਂ ਦੇ ਕੈਂਪਾਂ ਨੂੰ ਹੱਲਾਸ਼ੇਰੀ ਦੇਣ ਦਾ ਜੁਰਮ ਕਬੂਲ ਕਰਨ ਵਾਲੇ ਪਰਵੇਜ਼ ਮੁਸ਼ੱਰਫ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਸ ਤੋਂ ਬਾਅਦ ਪਾਕਿਸਤਾਨੀ ਸਰਕਾਰ ਦੀ ਸੂਚਨਾ ਤੇ ਪ੍ਰਸਾਰਣ 'ਤੇ ਵਿਸ਼ੇਸ਼ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਕਿਹਾ ਕਿ ਸਰਕਾਰ ਅਦਾਲਤ ਦੇ ਫੈਸਲੇ ਦੀ ਵਿਸਥਾਰ ਨਾਲ ਸਮੀਖਿਆ ਕਰੇਗੀ।

ਇਸਲਾਮਾਬਾਦ ਵਿਚ ਅਵਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕਾਨੂੰਨੀ ਮਾਹਰਾਂ ਨੇ ਸਾਰੇ ਕਾਨੂੰਨੀ ਤੇ ਸਿਆਸੀ ਪਹਿਲੂਆਂ ਦੇ ਨਾਲ ਰਾਸ਼ਟਰੀ ਹਿੱਤਾਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਹੈ। ਮੁਸ਼ੱਰਫ ਨੂੰ ਪਾਕਿਸਤਾਨ ਵਾਪਸ ਲਿਆਉਣ ਦੇ ਸਵਾਲ 'ਤੇ ਅਵਾਨ ਨੇ ਕਿਹਾ ਕਿ ਇਸ ਮਸਲੇ ਦੀ ਸਮੀਖਿਆ ਵੀ ਕਾਨੂੰਨੀ ਟੀਮ ਦੇ ਨਾਲ ਸਰਕਾਰ ਕਰੇਗੀ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੁੱਧਵਾਰ ਨੂੰ ਵਿਦੇਸ਼ ਯਾਤਰਾ ਤੋਂ ਪਰਤ ਕੇ ਜ਼ਮੀਨੀ ਹਕੀਕਤ ਤੇ ਕਾਨੂੰਨੀ ਢਾਂਚੇ ਨੂੰ ਦੇਖਣਗੇ ਤੇ ਉਸ ਤੋਂ ਬਾਅਦ ਹੀ ਕੋਈ ਫੈਸਲੇ ਲਿਆ ਜਾਵੇਗਾ। ਫੈਸਲਾ ਆਉਣ ਤੋਂ ਬਾਅਦ ਪਾਕਿਸਤਾਨ ਪੀਪਲਸ ਪਾਰਟੀ (ਪੀਪੀਪੀ) ਦੇ ਪ੍ਰਧਾਨ ਬਿਲਾਵਲ ਭੁੱਟੋ-ਜ਼ਰਦਾਰੀ ਨੇ ਟਵੀਟ ਕੀਤਾ ਕਿ ਲੋਕਤੰਤਰ ਸਭ ਤੋਂ ਚੰਗਾ ਬਦਲਾ ਹੈ।

ਸ਼ਰੀਫ ਸਰਕਾਰ ਨੇ ਚਲਾਇਆ ਮੁਕੱਦਮਾ
ਮੁਸ਼ੱਰਫ ਦੇ ਖਿਲਾਫ ਦੇਸ਼ ਧਰੋਹ ਦਾ ਇਹ ਮੁਕੱਦਮਾ ਤਿੰਨ ਨਵੰਬਰ 2007 ਨੂੰ ਐਮਰਜੰਸੀ ਲਗਾਉਣ ਦੇ ਵਿਰੋਧ ਵਿਚ ਲਗਾਇਆ ਗਿਆ। ਪਾਕਿਸਤਾਨ ਵਿਚ ਨਵਾਜ਼ ਸ਼ਰੀਫ ਸਰਕਾਰ ਦੇ 2013 ਵਿਚ ਸੱਤਾ ਵਿਚ ਆਉਣ 'ਤੇ ਦਸੰਬਰ ਵਿਚ ਉਹਨਾ ਖਿਲਾਫ ਦੇਸ਼ ਧਰੋਹ ਦਾ ਮਾਮਲਾ ਸ਼ੁਰੂ ਹੋਇਆ। ਇਸ ਤੋਂ ਬਾਅਦ 31 ਮਾਰਚ 2014 ਨੂੰ ਮੁਸ਼ੱਰਫ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਸੇ ਸਾਲ ਸਤੰਬਰ ਵਿਚ ਪ੍ਰੋਸੀਕਿਊਸ਼ਨ ਨੇ ਸਾਰੇ ਪੱਖ ਅਦਾਲਤ ਦੇ ਸਾਹਮਣੇ ਰੱਖੇ। ਅਪੀਲੀ ਮੰਚਾਂ 'ਤੇ ਪਟੀਸ਼ਨਾਂ ਦੇ ਕਾਰਨ ਸਾਬਕਾ ਫੌਜ ਮੁਖੀ ਦੇ ਮੁਕੱਦਮੇ ਵਿਚ ਦੇਰੀ ਹੋਈ ਕੇ ਉਹ ਚੋਟੀ ਦੀ ਅਦਾਲਤ ਤੇ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਮਾਰਚ 2016 ਵਿਚ ਪਾਕਿਸਤਾਨ ਤੋਂ ਬਾਹਰ ਚਲੇ ਗਏ।

ਸਜ਼ਾ ਤੋਂ ਬਚਣ ਲਈ ਹਾਈਕੋਰਟ ਵਿਚ ਦਿੱਤੀ ਪਟੀਸ਼ਨ
ਦੁਬਈ ਦੇ ਹਸਪਤਾਲ ਵਿਚ ਦਾਖਲ ਪਰਵੇਜ਼ ਮੁਸ਼ੱਰਫ ਨੂੰ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਨੂੰ ਅਜਿਹੀ ਸਜ਼ਾ ਹੋ ਸਕਦੀ ਹੈ ਇਸੇ ਲਈ ਉਹਨਾਂ ਨੇ ਆਪਣੇ ਵਕੀਲਾਂ ਰਾਹੀਂ ਹਾਈਕੋਰਟ ਵਿਚ ਅਪੀਲ ਦਰਜ ਕਰਵਾਈ। ਇਸ ਵਿਚ ਉਹਨਾਂ ਨੇ ਹਾਈਕੋਰਟ ਨੂੰ ਵਿਸ਼ੇਸ਼ ਅਦਾਲਤ ਵਿਚ ਚੱਲ ਰਹੀ ਸੁਣਵਾਈ ਨੂੰ ਰੁਕਵਾਉਣ ਦੀ ਮੰਗ ਕੀਤੀ। ਮੁਸ਼ੱਰਫ ਦਾ ਕਹਿਣਾ ਸੀ ਕਿ ਉਹਨਾਂ ਨੇ ਹਾਈਕੋਰਟ ਵਿਚ ਪਹਿਲਾਂ ਹੀ ਵਿਸ਼ੇਸ਼ ਅਦਾਲਤ ਦੇ ਗਠਨ ਦੇ ਖਿਲਾਫ ਪਟੀਸ਼ਨ ਦਿੱਤੀ ਹੈ, ਜਿਸ ਵਿਚ ਮੁਕੱਦਮੇ ਦੇ ਇਰਾਦੇ 'ਤੇ ਸਵਾਲ ਚੁੱਕੇ ਗਏ ਹਨ।

ਮੁਸ਼ੱਰਫ ਨੇ ਲਾਇਆ ਬੀਮਾਰੀ ਦਾ ਬਹਾਨਾ
ਮੁਸ਼ੱਰਫ ਨੂੰ ਪਾਕਿਸਤਾਨ ਹਾਈਕੋਰਟ ਤੇ ਵਿਸ਼ੇਸ਼ ਅਦਾਲਤ ਕਈ ਵਾਰ ਸੰਮਨ ਜਾਰੀ ਕਰ ਚੁੱਕੀ ਹੈ ਪਰ ਉਹ ਹਰ ਵਾਰ ਦੁਬਈ ਤੋਂ ਬੀਮਾਰੀ ਦਾ ਬਹਾਨਾ ਬਣਾ ਕੇ ਦੇਸ਼ ਪਰਤਣ ਤੋਂ ਇਨਕਾਰ ਕਰ ਦਿੰਦੇ ਹਨ। ਹਾਲ ਵਿਚ ਮੁਸ਼ੱਰਫ ਨੇ ਹਸਪਤਾਲ ਤੋਂ ਇਕ ਵੀਡੀਓ ਜਾਰੀ ਕੀਤੀ ਸੀ। ਇਸ ਵਿਚ ਉਹ ਬਿਸਤਰ 'ਤੇ ਲੰਮੇ ਪਏ ਹੋਏ ਕਹਿੰਦੇ ਹਨ ਕਿ ਦੇਸ਼ ਧਰੋਹ ਦਾ ਮੁਕੱਦਮਾ ਬੇਬੁਨਿਆਦ ਹੈ। ਗੱਦਾਰੀ ਛੱਡੋ, ਮੈਂ ਤਾਂ ਇਸ ਮੁਲਕ ਦੀ ਕਈ ਵਾਰ ਖਿਦਮਤ ਕੀਤੀ ਹੈ। ਕਈ ਵਾਰ ਜੰਗ ਲੜੀ ਹੈ। 10 ਸਾਲ ਤੱਕ ਸੇਵਾ ਕੀਤੀ। ਅੱਜ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਮੇਰੇ ਖਿਲਾਫ ਜਾਂਚ ਦੇ ਲਈ ਕਮਿਸ਼ਨ ਬਣਾਇਆ ਗਿਆ। ਬੇਸ਼ੱਕ ਬਣਾਓ ਪਰ ਇਹ ਕਮਿਸ਼ਨ ਇਥੇ ਆ ਕੇ ਮੇਰੀ ਸਿਹਤ ਦੇਖੇ ਤੇ ਬਿਆਨ ਦਰਜ ਕਰੇ। ਇਸ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਵੇ।


Baljit Singh

Content Editor

Related News