ਪਾਕਿਸਤਾਨ ਚੋਣਾਂ : ਜਨਰਲ ਸੀਟ 'ਤੇ ਲੜਨ ਵਾਲੇ ਪਹਿਲੇ ਸਿੱਖ ਉਮੀਦਵਾਰ ਰਾਦੇਸ਼ ਸਿੰਘ

07/04/2018 3:25:44 PM

ਪਿਸ਼ਾਵਰ,(ਏਜੰਸੀ)— ਪਾਕਿਸਤਾਨ 'ਚ 25 ਜੁਲਾਈ ਨੂੰ ਕੌਂਮੀ ਅਤੇ ਸੂਬਾਈ ਚੋਣਾਂ ਹੋਣ ਜਾ ਰਹੀਆਂ ਹਨ। ਖੈਬਰ ਪਖਤੂਨਵਾ ਦੇ ਪਿਸ਼ਾਵਰ ਸ਼ਹਿਰ ਤੋਂ ਸ. ਰਾਦੇਸ਼ ਸਿੰਘ ਟੋਨੀ ਨੇ ਜਨਰਲ ਸੀਟ ਲਈ ਆਪਣੀ ਨਾਮਜ਼ਦਗੀ ਦਾਖਲ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ 'ਚ ਬਹੁਤ ਘੱਟ ਗਿਣਤੀ ਸਿੱਖ ਰਹਿੰਦੇ ਹਨ ਅਤੇ ਉਨ੍ਹਾਂ ਵਲੋਂ ਰਾਜਨੀਤੀ 'ਚ ਹਿੱਸਾ ਲੈਣਾ ਵੱਡਾ ਕਦਮ ਦੇਖਿਆ ਜਾ ਰਿਹਾ ਹੈ। ਪਾਕਿਸਤਾਨ 'ਚ ਸਿੱਖ ਅਤੇ ਹਿੰਦੂ ਘੱਟ ਗਿਣਤੀ ਹਨ ਪਰ ਘੱਟ ਗਿਣਤੀਆਂ ਲਈ ਰਾਖਵੀਂ ਰੱਖੀ ਗਈ ਸੀਟ ਦੀ ਥਾਂ ਜਨਰਲ ਸੀਟ 'ਤੇ ਚੋਣ ਲੜਨ ਵਾਲੇ ਉਹ ਪਾਕਿਸਤਾਨ ਦੇ ਪਹਿਲੇ ਸਿੱਖ ਉਮੀਦਵਾਰ ਹਨ, ਜਦ ਕਿ ਬਾਕੀ ਸਿੱਖ ਅਤੇ ਹਿੰਦੂ ਉਮੀਦਵਾਰਾਂ ਨੇ ਰਾਖਵੀਂਆਂ ਸੀਟਾਂ ਤੋਂ ਆਪਣੀ ਨਾਮਜ਼ਦਗੀ ਦਾਖਲ ਕਰਵਾਈ ਹੈ। ਕਿਹਾ ਜਾ ਰਿਹਾ ਹੈ ਕਿ ਉਹ ਪੀ. ਕੇ. 75 ਤੋਂ ਚੋਣ ਲੜਨਗੇ ਜਿਸ 'ਚ ਕੁੱਲ ਇਕ ਲੱਖ 60 ਹਜ਼ਾਰ ਵੋਟਾਂ ਹਨ।
ਇਨ੍ਹਾਂ ਚੋਣਾਂ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਵੋਟਾਂ ਵਾਲੇ ਇਲਾਕਿਆਂ ਲਈ ਖਾਸ ਫੌਜ ਨੂੰ ਤਾਇਨਾਤ ਕੀਤਾ ਜਾਣਾ ਹੈ।