ਪਾਕਿ ਫੌਜ ਨੇ ਸੈਨੇਟ ਪ੍ਰਧਾਨ ਖਿਲਾਫ ਬੇਭਰੋਸਗੀ ਮਤਾ ਅਸਫਲ ਕਰਨ ਦੇ ਦੋਸ਼ਾਂ ਨੂੰ ਕੀਤਾ ਰੱਦ

08/02/2019 4:26:45 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨੀ ਫੌਜ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਕਿ ਦੇਸ਼ ਦੇ ਖੁਫੀਆ ਏਜੰਸੀ ਇੰਟਰ ਸਰਵੀਸਿਜ਼ ਇੰਟੈਲੀਜੈਂਸ (ਆਈ.ਐਸ.ਆਈ.) ਦੀ ਸੈਨੇਟ ਪ੍ਰਧਾਨ ਸਾਦਿਕ ਸੰਜਰਾਨੀ ਖਿਲਾਫ ਬੇਭਰੋਸਗੀ ਮਤੇ ਦੇ ਅਸਫਲ ਹੋਣ ਵਿਚ ਕਿਸੇ ਤਰ੍ਹਾਂ ਦੀ ਭੂਮਿਕਾ ਸੀ। ਵਿਰੋਧੀ ਪਾਰਟੀਆਂ ਵਲੋਂ ਲਗਾਏ ਗਏ ਬੇਭਰੋਸਗੀ ਮਤੇ ਨੂੰ ਸੰਜਰਾਨੀ ਨੇ ਵੀਰਵਾਰ ਨੂੰ ਬਚਾ ਲਿਆ। ਇਸ ਨੂੰ ਵਿਰੋਧੀ ਪਾਰਟੀਆਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਜੋ ਆਪਣੀ ਜਿੱਤ ਨੂੰ ਲੈ ਕੇ ਆਸਵੰਦ ਸਨ। ਸਾਂਝੇ ਵਿਰੋਧੀਆਂ ਵਲੋਂ ਲਿਆਂਦਾ ਗਿਆ ਬੇਭਰੋਸਗੀ ਮਤੇ ਦੇ ਪੱਖ ਵਿਚ ਆਮ ਬਹੁਮਤ ਵੀ ਨਹੀਂ ਜੁਟਾ ਸਕਿਆ ਅਤੇ ਸਿਰਫ 50 ਸੈਨੇਟਰਾਂ ਨੇ ਇਸ ਪ੍ਰਸਤਾਵਾਂ ਦੇ ਪੱਖ ਵਿਚ ਵੋਟਿੰਗ ਕੀਤੀ। ਪ੍ਰਧਾਨ ਨੂੰ ਹਟਾਉਣ ਲਈ ਤਿੰਨ ਵੋਟਾਂ ਦੀ ਕਮੀ ਰਹੀ। ਇਹ ਵਿਰੋਧੀਆਂ ਲਈ ਵੱਡੇ ਝਟਕੇ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ ਕਿਉਂਕਿ ਵੋਟਿੰਗ ਤੋਂ ਸਿਰਫ ਅੱਧਾ ਘੰਟਾ ਪਹਿਲਾਂ ਸਾਰੇ 64 ਵਿਰੋਧੀ ਸੈਨੇਟਰਾਂ ਨੇ ਸੰਜਰਾਨੀ ਖਿਲਾਫ ਪ੍ਰਸਤਾਵ 'ਤੇ ਖੜ੍ਹੇ ਹੋ ਕੇ ਇਕਜੁੱਟਤਾ ਦਿਖਾਈ ਸੀ।

ਗੁਪਤ ਵੋਟਿੰਗ ਦੌਰਾਨ ਇਨ੍ਹਾਂ ਵਿਚੋਂ 14 ਨੇ ਪਾਲਾ ਬਦਲ ਲਿਆ, ਜਿਸ ਨਾਲ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐਮ.ਐਲ.-ਐਨ) ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਜਮੀਅਤ ਉਲੇਮਾ-ਏ-ਇਸਲਾਮ ਫਜ਼ਲ (ਜੇ.ਯੂ.ਆਈ.-ਐਫ), ਨੈਸ਼ਨਲ ਪਾਰਟੀ ਅਤੇ ਉਨ੍ਹਾਂ ਦੇ ਹੋਰ ਸਹਿਯੋਗੀਆਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਇਸ ਹਾਰ 'ਤੇ ਵਿਰੋਧੀ ਧਿਰ ਸੈਨੇਟਰ ਮੀਰ ਹਾਸਲ ਖਾਨ ਬੀਜੇਂਜੋ ਨੇ ਆਈ.ਐਸ.ਆਈ. ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ 'ਤੇ ਦਖਲ ਦੇਣ ਦਾ ਦੋਸ਼ ਲਗਾਇਆ। ਉਹ ਸੈਨੇਟ ਦੀ ਪ੍ਰਧਾਨਗੀ ਲਈ ਸਾਂਝੇ ਉਮੀਦਵਾਰ ਸਨ।

ਬੀਜੇਂਜੋ ਤੋਂ ਜਦੋਂ ਪੱਤਰਕਾਰਾਂ ਵਲੋਂ ਪੁੱਛਿਆ ਗਿਆ ਕਿ ਵੱਖ ਹੋਏ ਸੈਨੇਟਰ ਕਿਸ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜਨਰਲ ਫੈਜ਼ ਦੇ ਲੋਕ ਸਨ। ਜਨਰਲ ਫੈਜ਼ ਜੋ ਆਈ.ਐਸ.ਆਈ. ਦੇ ਮੁਖੀ ਹਨ। ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਦੋਸ਼ਾਂ ਨੂੰ ਰੱਦ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਗਫੂਰ ਨੇ ਟਵੀਟ ਕੀਤਾ ਕਿ ਸੈਨੇਟਰ ਮੀਰ ਹਾਸਿਲ ਬੀਜੇਂਜੋ ਵਲੋਂ ਇਕ ਮੁੱਖ ਰਾਸ਼ਟਰੀ ਸੰਸਥਾਨ ਦੇ ਮੁਖੀ ਨੂੰ ਦੋਸ਼ੀ ਕਰਾਰ ਦੇਣ ਵਾਲੀ ਟਿੱਪਣੀ ਗਲਤ ਹੈ। ਮਾਮੂਲੀ ਰਾਜਨੀਤਕ ਫਾਇਦਿਆਂ ਲਈ ਸਮੁੱਚੀ ਲੋਕਤੰਤਰਿਕ ਪ੍ਰਕਿਰਿਆ ਦੀ ਮਰਿਆਦਾ ਨੂੰ ਘੱਟ ਕਰਨ ਨਾਲ ਲੋਕਤੰਤਰ ਦਾ ਮਕਸਦ ਟੀਮ ਨਹੀਂ ਹੋਵੇਗੀ। ਰੱਖਿਆ ਮੰਤਰੀ ਪਰਵੇਜ਼ ਖਟਕ ਨੇ ਵੀ ਆਈ.ਐਸ.ਆਈ. ਮੁਖੀ ਦੇ ਖਿਲਾਫ ਟਿੱਪਣੀ ਨੂੰ ਲੈ ਕੇ ਬੀਜੇਂਜੋ ਦੀ ਆਲੋਚਨਾ ਕੀਤੀ ਹੈ।


Sunny Mehra

Content Editor

Related News