ਪਾਕਿ : ਚੋਣ ਰੈਲੀ 'ਚ ਧਮਾਕਾ, 5 ਮਰੇ ਤੇ 37 ਜ਼ਖਮੀ

07/13/2018 5:10:51 PM

ਪੇਸ਼ਾਵਰ (ਭਾਸ਼ਾ)— ਉੱਤਰੀ-ਪੱਛਮੀ ਪਾਕਿਸਤਾਨ ਵਿਚ ਹੋ ਰਹੀ ਇਕ ਚੋਣ ਰੈਲੀ ਵਿਚ ਅੱਜ ਭਾਵ ਸ਼ੁੱਕਰਵਾਰ ਨੂੰ ਇਕ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਜਦਕਿ 37 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਇਕ ਧਾਰਮਿਕ ਪਾਰਟੀ ਦਾ ਇਕ ਸੀਨੀਅਰ ਨੇਤਾ ਵੀ ਸ਼ਾਮਲ ਹੈ। ਪਾਕਿਸਤਾਨ ਵਿਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। ਉਸ ਤੋਂ ਪਹਿਲਾਂ ਕਿਸੇ ਸਿਆਸੀ ਰੈਲੀ 'ਤੇ ਹੋਣ ਵਾਲਾ ਇਹ ਤੀਜਾ ਅੱਤਵਾਦੀ ਹਮਲਾ ਹੈ। ਉੱਤਰੀ ਵਜ਼ੀਰਿਸਤਾਨ ਕਬਾਇਲੀ ਜ਼ਿਲੇ ਨਾਲ ਲੱਗਦੇ ਬੰਨੂ ਜ਼ਿਲੇ ਵਿਚ ਹੋਏ ਧਮਾਕੇ ਵਿਚ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ ਦੇ ਨੇਤਾ ਅਤੇ ਸਾਬਕਾ ਫੈਡਰਲ ਮੰਤਰੀ ਅਕਰਮ ਦੁਰਾਨੀ ਮਾਮੂਲੀ ਰੂਪ ਵਿਚ ਜ਼ਖਮੀ ਹੋਏ ਹਨ। ਬੰਬ ਇਕ ਮੋਟਰਬਾਈਕ 'ਤੇ ਲਗਾਇਆ ਗਿਆ ਸੀ। ਜਦੋਂ ਇਹ ਮੋਟਰਬਾਈਕ ਦੁਰਾਨੀ ਦੀ ਗੱਡੀ ਨੇੜੇ ਪਹੁੰਚੀ, ਇਸ ਵਿਚ ਧਮਾਕਾ ਹੋ ਗਿਆ। 
ਦੁਰਾਨੀ ਸਿਆਸੀ ਗਠਜੋੜ ਮੁਤਾਹਿਦਾ ਮਜਲਿਸ-ਏ-ਅਮਾਲ ਦੇ ਉਮੀਦਵਾਰ ਹਨ। ਇਹ ਰੂੜ੍ਹੀਵਾਦੀ, ਇਸਲਾਮਿਕ, ਧਾਰਮਿਕ ਅਤੇ ਪਾਕਿਸਤਾਨ ਦੇ ਧੁਰ ਖੱਬੇ-ਪੱਖੀ ਦਲਾਂ ਦਾ ਗਠਜੋੜ ਹੈ। ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਦੁਰਾਨੀ ਰੈਲੀ ਤੋਂ ਪਰਤ ਰਹੇ ਸਨ। ਬੰਨੂ ਖੇਤਰੀ ਪੁਲਸ ਅਧਿਕਾਰੀ ਕਰੀਮ ਖਾਨ ਨੇ ਦੱਸਿਆ ਕਿ ਧਮਾਕਾ ਜਨਤਕ ਸਥਾਨ ਤੋਂ ਕਰੀਬ 40 ਮੀਟਰ ਦੀ ਦੂਰੀ 'ਤੇ ਹੋਇਆ। ਇਸ ਚੋਣ ਵਿਚ ਦੁਰਾਨੀ ਦਾ ਮੁਕਾਬਲਾ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨਾਲ ਹੈ। ਹਮਲੇ ਦੇ ਬਾਅਦ ਇਮਰਾਨ ਖਾਨ ਨੇ ਕਿਹਾ,''ਮੈਂ ਅਕਰਮ ਦੁਰਾਨੀ ਅਤੇ ਉਨ੍ਹਾਂ ਦੇ ਕਾਫਲੇ 'ਤੇ ਹੋਏ ਅੱਤਵਾਹੀ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ।'' ਇਸ ਧਮਾਕੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ 5 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।