ਮੌਤ ਦੀ ਸਜ਼ਾ ਤੋਂ ਬਾਅਦ ਮੁਸ਼ੱਰਫ ਦੇ ਪੱਖ ਵਿਚ ਨਿਤਰੀ ਪਾਕਿਸਤਾਨੀ ਫੌਜ, ਵਾਇਰਲ ਹੋਇਆ ਪੱਤਰ

12/18/2019 3:02:02 PM

ਇਸਲਾਮਾਬਾਦ- ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਮੌਤ ਦੀ ਸਜ਼ਾ ਤੋਂ ਬਾਅਦ ਫੌਜ ਤੇ ਅਦਾਲਤ ਆਹਮਣੇ-ਸਾਹਮਣੇ ਹਨ। ਫੌਜ ਨੇ ਅਦਾਲਤ ਦੇ ਫੈਸਲੇ 'ਤੇ ਸਵਾਲ ਚੁੱਕੇ ਹਨ। ਜੇਕਰ ਇਹ ਵਿਵਾਦ ਹੋਰ ਗਰਮਾਇਆ ਤਾਂ ਪਾਕਿਸਤਾਨ ਵਿਚ ਸੰਵਿਧਾਨਕ ਸੰਕਟ ਪੈਦਾ ਹੋ ਸਕਦਾ ਹੈ। ਫੌਜ ਦੇ ਭਾਰੀ ਵਿਰੋਧ ਦੇ ਵਿਚਾਲੇ ਇਮਰਾਨ ਸਰਕਾਰ ਬੈਕਫੁੱਟ 'ਤੇ ਆ ਗਈ ਹੈ। ਇਮਰਾਨ ਸਰਕਾਰ ਦੀ ਸੂਚਨਾ ਮੰਤਰੀ ਫਿਰਦੌਸ ਅਵਾਨ ਨੇ ਮੀਡੀਆ ਦੇ ਸਾਹਮਣੇ ਕਿਹਾ ਕਿ ਸਰਕਾਰ ਮੁਸ਼ੱਰਫ ਦੀ ਮੌਤ ਦੀ ਸਜ਼ਾ ਦੀ ਖੁਦ ਵਿਸਥਾਰ ਨਾਲ ਸਮੀਖਿਆ ਕਰੇਗੀ। ਹਾਲਾਂਕਿ ਪ੍ਰਧਾਨ ਮੰਤਰੀ ਇਮਰਾਨ ਨੇ ਅੱਜ ਕੈਬਨਿਟ ਦੀ ਬੈਠਕ ਬੁਲਾਈ ਹੈ। ਇਸ ਬੈਠਕ ਵਿਚ ਮੁਸ਼ੱਰਫ ਦਾ ਮੁੱਦਾ ਵੀ ਚੁੱਕਿਆ ਜਾ ਸਕਦਾ ਹੈ।

ਇਹ ਸਾਰਾ ਵਿਵਾਦ ਫੌਜ ਦੇ ਇਕ ਪੱਤਰ ਤੋਂ ਬਾਅਦ ਪੈਦਾ ਹੋਇਆ ਹੈ, ਜੋ ਇਸ ਸਮੇਂ ਵਾਇਰਲ ਹੋ ਰਿਹਾ ਹੈ। ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਮੌਤ ਦੀ ਸਜ਼ਾ ਤੋਂ ਬਾਅਦ ਪਾਕਿਸਤਾਨੀ ਫੌਜ ਵਿਚ ਇਸ ਫੈਸਲੇ ਦੇ ਖਿਲਾਫ ਨਾਰਾਜ਼ਗੀ ਹੈ। ਸੋਸ਼ਲ ਮੀਡੀਆ 'ਤੇ ਇਹਨੀਂ ਦਿਨੀਂ ਇਹ ਬਹਿਸ ਤੇਜ਼ ਹੋ ਗਈ ਹੈ। ਫੌਜ ਨੇ ਇਸ 'ਤੇ ਮੁਹਿੰਮ ਛੇੜ ਦਿੱਤੀ ਹੈ। ਫੌਜ ਨੇ ਮੁਸ਼ੱਰਫ ਦੀ ਵੀਰਤਾ ਦੀ ਸ਼ਲਾਘਾ ਕੀਤੀ ਹੈ। ਪਾਕਿਸਤਾਨ ਦੇ ਡੀਜੀ ਆਈ.ਐਸ.ਪੀ.ਆਰ. ਨੇ ਇਸ ਨੂੰ ਲੈ ਕੇ ਇਕ ਟਵੀਟ ਕੀਤਾ ਤੇ ਇਕ ਪੱਤਰ ਜਾਰੀ ਕੀਤਾ। ਇਸ ਪੱਤਰ ਨੂੰ ਫੌਜ ਨੇ ਸ਼ੇਅਰ ਕੀਤਾ ਹੈ।

ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਸਾਬਕਾ ਫੌਜ ਮੁਖੀ, ਸਟਾਫ ਕਮੇਟੀ ਦੇ ਜੁਆਇੰਟ ਚੀਫ ਤੇ ਸਾਬਕਾ ਰਾਸ਼ਟਰਪਤੀ, ਜਿਸ ਨੇ 40 ਸਾਲਾਂ ਤੱਕ ਦੇਸ਼ ਦੀ ਸੇਵਾ ਕੀਤੀ, ਅਹਿਮ ਜੰਗਾਂ ਵਿਚ ਹਿੱਸਾ ਲਿਆ, ਅਜਿਹੇ ਵਿਚ ਉਹ ਗੱਦਾਰ ਕਿਵੇਂ ਹੋ ਸਕਦੇ ਹਨ। ਇਸ ਪੱਤਰ ਦੇ ਰਾਹੀਂ ਫੌਜ ਨੇ ਮੁਸ਼ੱਰਫ ਦਾ ਸਮਰਥਨ ਕੀਤਾ। ਫੌਜ ਨੇ ਅਦਾਲਤ ਦੇ ਫੈਸਲੇ 'ਤੇ ਵੀ ਸਵਾਲ ਚੁੱਕੇ ਹਨ। ਫੌਜ ਦਾ ਤਰਕ ਹੈ ਕਿ ਅਦਾਲਤ ਨੇ ਸਜ਼ਾ ਦੇਣ ਦੀ ਪ੍ਰਕਿਰਿਆ ਵਿਚ ਪਾਕਿਸਤਾਨ ਦੇ ਸੰਵਿਧਾਨ ਦੀ ਅਣਦੇਖੀ ਕੀਤੀ ਹੈ। ਆਤਮਰੱਖਿਆ ਦੇ ਅਧਿਕਾਰ ਦਾ ਉਲੰਘਣ ਕੀਤਾ ਗਿਆ ਹੈ। ਇਸ ਵਿਚ ਮੌਲਿਕ ਅਧਿਕਾਰਾਂ ਦਾ ਉਲੰਘਣ ਕੀਤਾ ਗਿਆ ਹੈ। ਫੌਜ ਦੇ ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਪਰਵੇਜ਼ ਮੁਸ਼ੱਰਫ ਦੇ ਨਾਲ ਨਿਆ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਦੇਸ਼ ਧਰੋਹ ਦੇ ਮਾਮਲੇ ਵਿਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਹਨਾਂ 'ਤੇ ਐਮਰਜੰਸੀ ਲਗਾਉਣ ਦਾ ਦੋਸ਼ ਸੀ। ਮੁਸ਼ੱਰਫ ਨੇ ਨਵੰਬਰ 2009 ਵਿਚ ਪਾਕਿਸਤਾਨ ਵਿਚ ਐਮਰਜੰਸੀ ਲਾਈ ਸੀ। ਇਸ ਤੋਂ ਬਾਅਦ ਨਵਾਜ਼ ਸ਼ਰੀਫ ਦੀ ਸਰਕਾਰ ਨੇ 2013 ਵਿਚ ਮੁਸ਼ੱਰਫ ਦੇ ਖਿਲਾਫ ਕੇਸ ਦਰਜ ਕੀਤਾ ਸੀ। ਮਾਰਚ 2016 ਤੋਂ ਮੁਸ਼ੱਰਫ ਇਲਾਜ ਕਰਵਾਉਣ ਲਈ ਦੁਬਈ ਵਿਚ ਰਹਿ ਰਹੇ ਹਨ। ਉਹਨਾਂ ਨੂੰ ਇਸ ਮਾਮਲੇ ਵਿਚ ਭਗੌੜਾ ਐਲਾਨ ਕੀਤਾ ਗਿਆ ਹੈ। ਮੌਤ ਦੀ ਸਜ਼ਾ ਪਾਉਣ ਵਾਲੇ ਮੁਸ਼ੱਰਫ ਦੂਜੇ ਰਾਸ਼ਟਰਪਤੀ ਹਨ।


Baljit Singh

Content Editor

Related News