ਸ੍ਰੀ ਹਰਿਮੰਦਰ ਸਾਹਿਬ ''ਚ ਮੈਨੂੰ ਮਿਲੇ ਸ਼ਬਦ ਕੀਰਤਨ ਕਰਨ ਦੀ ਇਜਾਜ਼ਤ : ਪਾਕਿ ਹਿੰਦੂ ਗਾਇਕ

07/16/2018 4:40:00 PM

ਲਾਹੌਰ (ਬਿਊਰੋ)— ਪਾਕਿਸਤਾਨ ਵਿਚ ਹਿੰਦੂ ਸ਼ਬਦ ਅਤੇ ਧਾਰਮਿਕ ਗੀਤ ਗਾਉਣ ਵਾਲੇ ਇਕ ਨੌਜਵਾਨ ਜਤਿੰਦਰ ਕੁਮਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਸ਼ਬਦ ਗਾਉਣ ਦੀ ਇੱਛਾ ਪ੍ਰਗਟ ਕੀਤੀ ਹੈ। ਉਸ ਨੂੰ ਡਰ ਹੈ ਕਿ ਗੈਰ ਕੇਸ਼ਧਾਰੀ ਸਿੱਖ ਹੋਣ ਕਾਰਨ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੰਗਲਵਾਰ ਨੂੰ ਪਾਕਿਸਤਾਨ ਤੋਂ ਫੋਨ 'ਤੇ ਟੀ.ਓ.ਆਈ. ਨਾਲ ਗੱਲ ਕਰਦਿਆਂ ਜਤਿੰਦਰ ਕੁਮਾਰ ਨੇ ਕਿਹਾ ਕਿ ਉਹ ਇਕ ਸਾਲ ਤੋਂ ਵੀ ਵਧੇਰੇ ਸਮੇਂ ਤੋਂ ਮਰਿਯਾਦਾ ਮੁਤਾਬਕ ਸਥਾਨਕ ਗੁਰਦੁਆਰਾ ਗੁਰਪੋਤਾ ਸਾਹਿਬ ਵਿਚ ਸ਼ਬਦ ਗਾ ਰਿਹਾ ਹੈ ਅਤੇ ਸੋਚਦਾ ਹੈ ਕਿ ਉਹ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਚ ਸ਼ਬਦ ਗਾ ਰਿਹਾ ਹੈ।
25 ਸਾਲਾ ਬੀ.ਕਾਮ ਗ੍ਰੇਜੂਏਟ ਜਤਿੰਦਰ ਕੁਮਾਰ ਨੇ ਇਕ ਹੋਰ ਸ਼ਬਦ ਗਾਇਕ ਅਮਿਤ ਕੁਮਾਰ ਨਾਲ ਮਿਲ ਕੇ ਸ਼ਬਦ ਅਤੇ ਧਾਰਮਿਕ ਗੀਤ ਗਾਏ ਹਨ। ਪਾਕਿਸਤਾਨ ਵਿਚ ਸਿੰਧ ਸੂਬੇ ਦੇ ਖੈਰਪੁਰ ਜ਼ਿਲੇ ਦੇ ਖੇਰਪੁਰ ਮੀਰ ਸ਼ਹਿਰ ਦੇ ਗੁਰਦੁਆਰੇ ਵਿਚ ਤਬਲੇ 'ਤੇ ਸਾਹਿਲ ਕੁਮਾਰ ਸ਼ਬਦ ਕੀਰਤਨ ਵਿਚ ਉਸ ਦੀ ਮਦਦ ਕਰਦਾ ਹੈ। ਜਤਿੰਦਰ ਕੁਮਾਰ ਨੇ ਕਿਹਾ ਕਿ ਉਸ ਨੇ ਕਈ ਸਿੱਖ ਭਾਈਚਾਰਿਆਂ ਦੇ ਨਾਲ-ਨਾਲ ਗੁਰਦੁਆਰਾ ਗੁਰਪੋਤਾ ਸਾਹਿਬ ਦੇ ਪ੍ਰਧਾਨ ਨਾਨਕ ਰਾਮ ਅੱਗੇ ਆਪਣੀ ਇੱਛਾ ਜ਼ਾਹਰ ਕੀਤੀ ਹੈ। ਪਰ ਨਾਨਕ ਰਾਮ ਨੇ ਕਿਹਾ ਹੈ ਕਿ ਉਸ ਨੂੰ ਡਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਕਮੇਟੀ ਦਾ ਪ੍ਰਸ਼ਾਸਨ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਸ਼ਬਦ ਗਾਉਣ ਦੀ ਸ਼ਾਇਦ ਹੀ ਇਜਾਜ਼ਤ ਦੇਵੇਗਾ ਕਿਉਂਕਿ ਉਸ ਕੋਲ ਪੱਗ ਅਤੇ ਦਾੜ੍ਹੀ ਨਹੀਂ ਹੈ। 
ਜਤਿੰਦਰ ਨੇ ਕਿਹਾ ਕਿ ਉਹ ਇਸ ਸੰਬੰਧ ਵਿਚ ਖੁਦ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਨਾਲ ਗੱਲ ਕਰੇਗਾ। ਜਤਿੰਦਰ ਮੁਤਾਬਕ ਉਹ ਅਤੇ ਉਸ ਦੇ ਸ਼ਬਦ ਗਾਇਕ ਸਾਥੀਆਂ ਨੂੰ ਸਿੰਧ ਸੂਬੇ ਦੇ ਗੁਰਦੁਆਰਿਆਂ ਅਤੇ ਸਿੱਖਾਂ ਤੇ ਹਿੰਦੂਆਂ ਦੇ ਘਰਾਂ ਵਿਚ ਬੁਲਾਇਆ ਜਾਂਦਾ ਹੈ। ਉਹ 9 ਸਾਲ ਦੀ ਉਮਰ ਤੋਂ ਲਗਾਤਾਰ ਗੁਰਦੁਆਰਾ ਸਾਹਿਬ ਜਾ ਰਿਹਾ ਹੈ। ਸ਼ੁਰੂ ਵਿਚ ਉੱਥੇ ਉਹ ਸਫਾਈ ਦੀ ਸੇਵਾ ਕਰਦਾ ਸੀ, ਫਿਰ ਉਸ ਨੇ ਤਬਲਾ ਸਿੱਖਣਾ ਸ਼ੁਰੂ ਕਰ ਦਿੱਤਾ ਅਤੇ ਸ਼ਬਦ ਗਾਉਣ ਵਾਲਿਆਂ ਦੇ ਸਮੂਹ ਨਾਲ ਜੁੜ ਗਿਆ। ਹੌਲੀ-ਹੌਲੀ ਉਸ ਨੇ ਭਜਨ ਅਤੇ ਧਾਰਮਿਕ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਜਤਿੰਦਰ ਕੁਮਾਰ ਨੇ ਇਹ ਵੀ ਦੱਸਿਆ ਕਿ ਸਿੰਧ ਦੇ ਗੁਰਦੁਆਰਿਆਂ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਦੀ ਕੋਈ ਭੂਮਿਕਾ ਨਹੀਂ ਹੈ। ਉਹ ਖੁਦ ਨੌਜਵਾਨਾਂ ਨੂੰ ਤਬਲਾ ਅਤੇ ਹਾਰਮੋਨੀਅਮ ਵਜਾਉਣਾ ਸਿਖਾਉਂਦਾ ਹੈ ਅਤੇ ਰਾਗਾਂ ਬਾਰੇ ਜਾਣਕਾਰੀ ਦਿੰਦਾ ਹੈ।