ਪਾਕਿ : ਸਾਬਕਾ ਵਿੱਤ ਮੰਤਰੀ ਇਸਹਾਕ ਡਾਰ ਵਿਰੁੱਧ ਰੈੱਡ ਵਾਰੰਟ ਜਾਰੀ

07/15/2018 5:29:47 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇੱਥੇ ਦੀ ਉੱਚ ਅਦਾਲਤ ਨੂੰ ਦੱਸਿਆ ਹੈ ਕਿ ਇਕ ਮਾਮਲੇ ਵਿਚ ਜਵਾਬਦੇਹੀ ਅਦਾਲਤ ਵੱਲੋਂ ਭਗੌੜਾ ਐਲਾਨੇ ਗਏ ਸਾਬਕਾ ਵਿੱਤ ਮੰਤਰੀ ਇਸਹਾਕ ਡਾਰ ਵਿਰੁੱਧ ਰੈੱਡ ਵਾਰੰਟ ਜਾਰੀ ਕੀਤਾ ਗਿਆ ਹੈ। 67 ਸਾਲਾ ਡਾਰ 'ਤੇ ਆਮਦਨ ਦੇ ਦੱਸੇ ਗਏ ਸਰੋਤਾਂ ਤੋਂ ਇਲਾਵਾ 83.17 ਕਰੋੜ ਰੁਪਏ ਦੀ ਜ਼ਿਆਦਾ ਜਾਇਦਾਦ ਰੱਖਣ ਦਾ ਦੋਸ਼ ਹੈ। ਇਸਲਾਮਾਬਾਦ ਸਥਿਤ ਜਵਾਬਦੇਹੀ ਅਦਾਲਤ ਉਨ੍ਹਾਂ ਵਿਰੁੱਧ ਪਹਿਲਾਂ ਹੀ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਚੁੱਕੀ ਹੈ। ਉਹ ਅਕਤੂਬਰ 2017 ਤੋਂ ਲੰਡਨ ਵਿਚ ਰਹਿ ਰਹੇ ਹਨ। 
ਇਕ ਨਿਊਜ਼ ਏਜੰਸੀ ਦੀ ਖਬਰ ਮੁਤਾਬਕ ਪ੍ਰਧਾਨ ਜੱਜ ਸਾਦਿਕ ਨਿਸਾਰ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਕਈ ਵਾਰ ਨਿਰਦੇਸ਼ ਦੇਣ ਦੇ ਬਾਵਜੂਦ ਡਾਰ ਦੇ ਬਾਰ-ਬਾਰ ਸੁਣਵਾਈ ਵਿਚ ਸ਼ਾਮਲ ਨਾ ਹੋਣ ਦਾ ਮੁੱਦਾ ਚੁੱਕਿਆ ਸੀ। ਅਟਾਰਨੀ ਜਨਰਲ ਖਾਲਿਦ ਜਾਵੇਦ ਖਾਨ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਫੈਡਰਲ ਜਾਂਚ ਏਜੰਸੀ ਦੀ ਅਪੀਲ 'ਤੇ ਗ੍ਰਹਿ ਮੰਤਰਾਲੇ ਨੇ ਡਾਰ ਵਿਰੁੱਧ ਰੈੱਡ ਵਾਰੰਟ ਜਾਰੀ ਕੀਤਾ ਹੈ ਅਤੇ ਹੁਣ ਇੰਟਰਪੋਲ ਦੇ ਜਵਾਬ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।