ਕੈਨੇਡਾ ''ਚ ਹੋਏ ਧਮਾਕੇ ਤੋਂ ਦੁਖੀ ਹਾਂ : ਕੈਪਟਨ ਅਮਰਿੰਦਰ ਸਿੰਘ

05/25/2018 4:29:37 PM

ਓਂਟਾਰੀਓ (ਏਜੰਸੀ)- ਕੈਨੇਡਾ ਵਿਚ ਭਾਰਤੀ ਰੈਸਟੋਰੈਂਟ ਵਿਚ ਹੋਏ ਧਮਾਕੇ ਤੋਂ ਦੁਖੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਉੱਤੇ ਆਪਣਾ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਉੱਤੇ ਲਿਖਿਆ ਹੈ ਕਿ ਮੈਨੂੰ ਕੈਨੇਡਾ ਵਿਚ ਹੋਏ ਧਮਾਕੇ ਕਾਰਨ ਬਹੁਤ ਦੁੱਖ ਪਹੁੰਚਿਆ ਹੈ। ਅੱਤਵਾਦ ਇਕ ਵਿਸ਼ਵ ਪੱਧਰ ਦੀ ਸਮੱਸਿਆ ਹੈ ਅਤੇ ਇਸ ਵਿਚ ਕੋਈ ਦੇਸ਼ ਸੁਰੱਖਿਅਤ ਨਹੀਂ ਹੈ। ਦਹਿਸ਼ਤਗਰਦਾਂ ਨਾਲ ਲੜਨਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਤਰ੍ਹਾਂ ਦੇ ਖਤਰੇ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਸਾਨੂੰ ਸਾਰਿਆਂ ਨੂੰ ਅੱਤਵਾਦ ਦੇ ਖਾਤਮੇ ਲਈ ਇਕੱਠੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਸ਼ਹਿਰ ਮਿਸੀਸਾਗਾ 'ਚ ਇਕ ਭਾਰਤੀ ਰੈਸਟੋਰੈਂਟ ਵਿਚ ਸਥਾਨਕ ਸਮੇਂ ਅਨੁਸਾਰ ਰਾਤ ਨੂੰ 10-30 ਵਜੇ ਬੰਬ ਧਮਾਕਾ ਕੀਤਾ ਗਿਆ, ਜਿਸ ਵਿਚ 15 ਲੋਕ ਜ਼ਖਮੀ ਹੋ ਗਏ ਹਨ ਅਤੇ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਧਮਾਕਾ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਧਮਾਕਾ ਮਿਸੀਸਾਗਾ ਦੇ ਸ਼ਹਿਰ 'ਚ ਸਥਿਤ ਬਾਂਬੇ ਬੇਲ ਰੈਸਟੋਰੈਂਟ ਵਿਚ ਹੋਇਆ। ਇਹ ਰੈਸਟੋਰੈਂਟ ਹੁਰੋਂਟਾਰੀਓ ਸਟਰੀਟ ਅਤੇ ਐਗਲਿੰਗਟਨ ਐਵੇਨਿਊ ਈਸਟ ਦੇ ਇਲਾਕੇ ਵਿਚ ਸਥਿਤ ਹੈ।