ਪਦਮਾ ਲਕਸ਼ਮੀ ਨੇ ਕੀਤੀ ਟਰੰਪ ਦੇ ਨਸਲੀ ਰਵੱਈਏ ਦੀ ਆਲੋਚਨਾ (ਤਸਵੀਰਾਂ)

04/07/2016 6:13:49 PM

ਨਿਊਯਾਰਕ— ''ਟਾਪ ਸ਼ੈਫ'' ਸ਼ੋਅ ਦੀ ਮੇਜ਼ਬਾਨ ਅਤੇ ਭਾਰਤੀ ਮੂਲ ਦੇ ਲੇਖਕ ਸਲਮਾਨ ਰੁਸ਼ਦੀ ਦੀ ਸਾਬਕਾ ਪਤਨੀ ਪਦਮਾ ਲਕਸ਼ਮੀ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ''ਤੇ ਨਿਸ਼ਾਨਾ ਵਿੰਨ੍ਹਿਆ ਹੈ ਅਤੇ ਕਿਹਾ ਹੈ ਕਿ ਉਸ ਇਸ ਨਸਲੀ ਵਿਅਕਤੀ ਨੂੰ ਕਦੇ ਵੀ ਵੋਟ ਨਹੀਂ ਪਾਏਗੀ। ਪਦਮਾ ਨੇ ਕਿਹਾ ਕਿ ਚਾਹੇ ਉਹ ਨਸਲੀ ਨਾ ਵੀ ਹੋਵੇ, ਜਿਹੋ ਜਿਹਾ ਹੁਣ ਉਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਫਿਰ ਵੀ ਉਹ ਉਸ ਨੂੰ ਵੋਟ ਨਹੀਂ ਪਾਏਗੀ। ਪਦਮਾ ਨੇ ਕਿਹਾ ਕਿ ਉਹ ਵੀ ਇਕ ਪਰਵਾਸੀ ਹੈ ਅਤੇ ਸਾਫ ਦੇਖ ਸਕਦੀ ਹੈ ਪਰਵਾਸੀਆਂ ਬਾਰੇ ਟਰੰਪ ਦਾ ਦੂਰਦ੍ਰਿਸ਼ਟਤਾ ਉਸ ਨਾਲੋਂ ਕਿਤੇ ਘੱਟ ਹੈ। 
45 ਸਾਲਾ ਪਦਮਾ ਨੇ ਕਿਹਾ ਕਿ ਉਹ ਬਚਪਨ ਵਿਚ ਭਾਰਤ ਤੋਂ ਨਿਊਯਾਰਕ ਆਈ ਸੀ ਅਤੇ ਟਰੰਪ ਦੇ ਪਰਵਾਸੀਆਂ ਵਿਰੋਧੀ ਬਿਆਨਾਂ ਤੋਂ ਕਾਫੀ ਪਰੇਸ਼ਾਨ ਹੈ। ਉਸ ਨੇ ਕਿਹਾ ਕਿ ਅਮਰੀਕਾ ਪਰਵਾਸੀਆਂ ਦਾ ਦੇਸ਼ ਹੈ ਅਤੇ ਟਰੰਪ ਪਰਵਾਸੀਆਂ ਨੂੰ ਦੇਸ਼ ''ਚੋਂ ਕੱਢਣ ਦੀ ਜੋ ਵਕਾਲਤ ਕਰ ਰਹੇ ਹਨ, ਉਹ ਇਸ ਦੇਸ਼ ਦੀ ਸੋਚ ਤੋਂ ਪੂਰੀ ਤਰ੍ਹਾਂ ਵੱਖ ਹੈ। ਉਸ ਨੇ ਦਾਅਵਾ ਕੀਤਾ ਕਿ ਟਰੰਪ ਖੁਦ ਇਕ ਪਰਵਾਸੀ ਦੀ ਔਲਾਦ ਹੈ, ਅਜਿਹੇ ਵਿਚ ਉਸ ਨੂੰ ਕੁਝ ਵੀ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ। ਪਦਮਾ ਨੇ ਟਰੰਪ ਦੇ ਹਾਲੀਆ ਮਹਿਲਾ ਵਿਰੋਧੀ ਬਿਆਨਾਂ ''ਤੇ ਵੀ ਗੁੱਸੇ ਦਾ ਪ੍ਰਗਟਾਵਾ ਕੀਤਾ। ਉਸ ਨੇ ਕਿਹਾ ਕਿ ਟਰੰਪ ਚਾਹੇ ਤਾਂ ਇਹ ਵੀ ਕਹਿ ਸਕਦਾ ਹੈ ਕਿ ਔਰਤਾਂ ਨੂੰ ਰਾਸ਼ਟਰਪਤੀ ਚੁਣਨ ਤੱਕ ਦਾ ਅਧਿਕਾਰ ਨਹੀਂ ਹੈ। 
ਜ਼ਿਕਰਯੋਗ ਹੈ ਕਿ ਟਰੰਪ ਨੇ ਹਾਲ ਹੀ ਵਿਚ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ ਕਿ ਗਰਭਪਾਤ ਕਰਵਾਉਣ ਵਾਲੀਆਂ ਔਰਤਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਬਿਆਨਾਂ ਨੂੰ ਵਾਪਸ ਲਿਆ ਸੀ। ਇਸ ਤੋਂ ਪਹਿਲਾਂ ਉਹ ਅਮਰੀਕਾ ''ਚੋਂ ਗੈਰ-ਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ ਅਤੇ ਮੁਸਲਮਾਨਾਂ ਦੀ ਅਮਰੀਕਾ ਵਿਚ ਐਂਟਰੀ ਬੈਨ ਕਰਨ ਵਰਗੇ ਬਿਆਨ ਦੇ ਚੁੱਕੇ ਹਨ।

Kulvinder Mahi

This news is News Editor Kulvinder Mahi