ਟਰੰਪ ਦੇ ਰਾਜ ''ਚ ਸਿੱਖਾਂ ''ਤੇ ਨਸਲੀ ਹਮਲੇ, FBI ਰਿਪੋਰਟ ''ਚ ਵੱਡਾ ਖੁਲਾਸਾ!

11/15/2018 3:20:17 PM

ਵਾਸ਼ਿੰਗਟਨ— ਅਮਰੀਕਾ ਦੀ ਇੰਟੈਲੀਜੈਂਸ ਅਤੇ ਸਕਿਓਰਿਟੀ ਸਰਵਿਸ ਏਜੰਸੀ ਐੱਫ. ਬੀ. ਆਈ. ਨੇ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ 'ਚ ਨਸਲੀ ਨਫਰਤ ਨਾਲ ਸੰਬੰਧਤ ਹੋਏ ਅਪਰਾਧ ਦੀਆਂ ਘਟਨਾਵਾਂ ਦਾ ਬਿਓਰਾ ਦਿੱਤਾ ਗਿਆ ਹੈ। ਐੱਫ. ਬੀ. ਆਈ. ਦੀ ਰਿਪੋਰਟ ਮੁਤਾਬਕ ਲੰਘੇ ਸਾਲ 2017 'ਚ ਅਮਰੀਕਾ 'ਚ 'ਹੇਟ ਕ੍ਰਾਈਮ' ਦੇ 8,437 ਮਾਮਲੇ ਰਿਕਾਰਡ ਕੀਤੇ ਗਏ, ਜਿਨ੍ਹਾਂ 'ਚ 24 ਸਿੱਖ ਵਿਰੋਧੀ, 15 ਹਿੰਦੂ ਤੇ 314 ਮੁਸਲਿਮ ਵਿਰੋਧੀ ਹੋਏ ਨਸਲੀ ਅਪਰਾਧ ਸ਼ਾਮਲ ਹਨ।
ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਸੰਸਥਾ 'ਸਿੱਖ ਕੋਲੀਸ਼ਨ' ਨੇ ਦੱਸਿਆ ਕਿ 2017 ਦੌਰਾਨ ਉਨ੍ਹਾਂ ਨੂੰ ਸਿੱਖਾਂ ਨਾਲ ਵਾਪਰੀਆਂ ਨਸਲੀ ਨਫਰਤ ਦੀਆਂ ਘਟਨਾਵਾਂ ਸੰਬੰਧੀ 12 ਸ਼ਿਕਾਇਤਾਂ ਮਿਲੀਆਂ, ਜਦੋਂ ਕਿ ਕੌਮੀ ਪੱਧਰ 'ਤੇ ਜਾਂਚ ਕਰਨ 'ਤੇ ਇਨ੍ਹਾਂ ਸ਼ਿਕਾਇਤਾਂ ਦੀ ਗਿਣਤੀ 24 ਪਹੁੰਚ ਗਈ।ਅਮਰੀਕਾ 'ਚ ਲਗਭਗ 5,00,000 ਸਿੱਖ ਹਨ। 2012 'ਚ ਓਕ ਕਰੀਕ ਦੇ ਗੁਰਦੁਆਰੇ 'ਚ ਹੋਏ ਹਮਲੇ ਤੋਂ ਬਾਅਦ 2015 'ਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ. ਬੀ. ਆਈ.) ਏਜੰਸੀ ਸਿੱਖਾਂ ਖਿਲਾਫ ਹੋਣ ਵਾਲੀਆਂ ਨਸਲੀ ਨਫਰਤ ਦੀਆਂ ਘਟਨਾਵਾਂ ਨੂੰ ਟਰੈਕ ਕਰਨ ਲਈ ਰਾਜ਼ੀ ਹੋਈ ਸੀ।

ਸਿੱਖ ਕੋਲੀਸ਼ਨ ਦੇ ਅਧਿਕਾਰੀ ਸਿਮ ਸਿੰਘ ਨੇ ਕਿਹਾ ਕਿ ਰਿਪੋਰਟ 'ਚ ਦੱਸੇ ਗਏ ਮਾਮਲੇ ਅਸਲ 'ਚ ਜ਼ਿਆਦਾ ਹੋ ਸਕਦੇ ਹਨ ਕਿਉਂਕਿ ਬਹੁਤ ਸਾਰੇ ਵਿਅਕਤੀ ਨਫਰਤ ਨਾਲ ਪ੍ਰਭਾਵਿਤ ਹੁੰਦੇ ਹਨ ਪਰ ਉਸ ਦੀ ਰਿਪੋਰਟ ਨਹੀਂ ਕਰਦੇ। ਹਾਲਾਂਕਿ ਉਨ੍ਹਾਂ ਕਿਹਾ ਕਿ ਐੱਫ. ਬੀ. ਆਈ. ਦੀ ਰਿਪੋਰਟ ਇਹ ਸਾਬਤ ਕਰਨ ਲਈ ਕਾਫੀ ਹੈ ਕਿ ਅਮਰੀਕਾ 'ਚ ਨਸਲੀ ਅਪਰਾਧਾਂ 'ਚ ਵਾਧਾ ਹੋਇਆ ਹੈ ਅਤੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਨੂੰ ਖਤਰਾ ਵਧ ਰਿਹਾ ਹੈ।ਰਿਪੋਰਟ ਮੁਤਾਬਕ ਬੀਤੇ ਸਾਲ ਨਸਲੀ ਹਿੰਸਾ ਦੀਆਂ ਸਭ ਤੋਂ ਵੱਧ 1,678 ਘਟਨਾਵਾਂ ਯਹੂਦੀਆਂ ਨਾਲ ਵਾਪਰੀਆਂ ਅਤੇ ਨੌਂ ਬੋਧੀਆਂ ਨਾਲ ਵੀ ਨਸਲੀ ਘਟਨਾਵਾਂ ਵਾਪਰੀਆਂ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕਈ ਭਾਰਤੀ ਨਫਰਤ ਦਾ ਸ਼ਿਕਾਰ ਹੋਏ ਸਨ। ਫਰਵਰੀ 'ਚ ਕੰਸਾਸ ਸਿਟੀ ਦੇ ਇਕ ਬਾਰ 'ਚ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 2 ਮਾਰਚ ਨੂੰ ਭਾਰਤੀ ਮੂਲ ਦੇ ਸਟੋਰ ਮਾਲਕ ਹਰਨੀਸ਼ ਪਟੇਲ ਦਾ ਕਤਲ ਕਰ ਦਿੱਤਾ ਗਿਆ ਸੀ, ਜਦੋਂ ਕਿ 3 ਮਾਰਚ ਨੂੰ 39 ਸਾਲਾ ਸਿੱਖ ਦੀਪ ਰਾਏ ਨੂੰ ਉਸ ਦੇ ਘਰ ਬਾਹਰ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ।ਇਸੇ ਤਰ੍ਹਾਂ 23 ਫਰਵਰੀ ਨੂੰ ਅਫਰੀਕੀ-ਅਮਰੀਕੀ ਵਿਅਕਤੀ ਨੇ ਭਾਰਤੀ ਮੂਲ ਦੀ ਲੜਕੀ ਨਾਲ ਰੇਲ ਗੱਡੀ 'ਚ ਛੇੜਛਾੜ ਕੀਤੀ ਸੀ।