ਚੀਨ 5 ਲੱਖ ਤੋਂ ਵੱਧ ਉਈਗਰਾਂ ਕੋਲੋਂ ਜ਼ੋਰ-ਜ਼ਬਰਦਸਤੀ ਕਰਾ ਰਿਹੈ ਮਜ਼ਦੂਰੀ

12/18/2020 10:57:23 PM

ਬੀਜਿੰਗ- ਚੀਨ ਦੇ ਸ਼ਿਨਜਿਆਂਗ ਪ੍ਰਾਂਤ ਵਿਚ ਉਈਗਰ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਵਿਰੁੱਧ ਅੱਤਿਆਚਾਰ ਵੱਧ ਰਹੇ ਹਨ। ਨਵੀਂ ਰਿਪੋਰਟ ਵਿਚ ਪਤਾ ਲੱਗਾ ਹੈ ਕਿ ਚੀਨ ਦੀ ਸਰਕਾਰ ਜ਼ੋਰ-ਜ਼ਬਰਦਸਤੀ 5 ਲੱਖ ਤੋਂ ਵੱਧ ਉਈਗਰਾਂ ਕੋਲੋਂ ਇਸ ਖੇਤਰ ਵਿਚ ਮਜ਼ਦੂਰੀ ਕਰਾ ਰਹੀ ਹੈ। ਸ਼ਿਨਜਿਆਂਗ ਦੇ ਪੱਛਣੀ ਖੇਤਰ ਵਿਚ ਇਨ੍ਹਾਂ ਕੋਲੋਂ ਹੱਥੀਂ ਕਪਾਹ ਝੁਗਣ ਦਾ ਕੰਮ ਲਿਆ ਜਾ ਰਿਹਾ ਹੈ।

ਰਿਪੋਰਟ ਮੁਤਾਬਕ, ਚੀਨ ਨੇ ਇੱਥੇ ਲੱਖਾਂ ਘੱਟ ਗਿਣਤੀ ਲੋਕਾਂ ਨੂੰ ਜ਼ਬਰਦਸਤੀ ਕੈਂਪਾਂ ਵਿਚ ਨਜ਼ਰਬੰਦ ਰੱਖਿਆ ਹੋਇਆ ਹੈ। ਉਈਗਰਾਂ ਨੂੰ ਉਨ੍ਹਾਂ ਦੀ ਇੱਛਾ ਵਿਰੁੱਧ ਕੱਪੜਾ ਫੈਕਟਰੀਆਂ ਵਿਚ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਚੀਨੀ ਸਰਕਾਰ ਇਨ੍ਹਾਂ ਦਾਅਵਿਆਂ ਨੂੰ ਨਕਾਰ ਰਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਨ੍ਹਾਂ ਕੈਂਪਾਂ ਵਿਚ ਉਈਗਰਾਂ ਨੂੰ ਕਿੱਤਾਮੁਖੀ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। ਚੀਨੀ ਸਰਕਾਰ ਇਹ ਵੀ ਦਾਅਵਾ ਕਰਦੀ ਹੈ ਕਿ ਇਹ ਫੈਕਟਰੀਆਂ ਗਰੀਬੀ ਦੂਰ ਕਰਨ ਦੀ ਯੋਜਨਾ ਦਾ ਹਿੱਸਾ ਹਨ ਅਤੇ ਇਹ ਲੋਕ ਸਵੈ-ਇੱਛਾ ਨਾਲ ਇਸ ਵਿਚ ਸ਼ਾਮਲ ਹੁੰਦੇ ਹਨ।

ਸ਼ਿਨਜਿਆਂਗ ਖੇਤਰ ਚੀਨ ਲਈ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਖੇਤਰ ਵਿਚ ਉਹ ਵਿਸ਼ਵ ਕਪਾਹ ਦਾ 20 ਫ਼ੀਸਦੀ ਅਤੇ ਚੀਨ ਦਾ 84 ਫ਼ੀਸਦੀ ਉਤਪਾਦਨ ਕਰਦਾ ਹੈ। ਇਹ ਖੁਲਾਸੇ ਉਸ ਸਮੇਂ ਹੋਏ ਹਨ ਜਦੋਂ ਕੌਮਾਂਤਰੀ ਅਪਰਾਧਕ ਅਦਾਲਤ (ਆਈ. ਸੀ . ਸੀ.) ਨੇ ਕਿਹਾ ਹੈ ਕਿ ਉਸ ਨੂੰ ਸ਼ਿਨਜਿਆਂਗ ਵਿਚ ਮਨੁੱਖਤਾ ਅਤੇ ਨਸਲਕੁਸ਼ੀ ਦੇ ਦੋਸ਼ਾਂ ਦੀ ਜਾਂਚ ਕਰਨ ਦਾ ਅਧਿਕਾਰ ਨਹੀਂ ਹੈ।

ਵਾਸ਼ਿੰਗਟਨ ਸਥਿਤ ਥਿੰਕ ਟੈਂਕ ਸੈਂਟਰ ਫਾਰ ਗਲੋਬਲ ਪਾਲਿਸੀ ਨੇ ਆਨਲਾਈਨ ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਖ਼ੁਲਾਸਾ ਕੀਤਾ ਹੈ ਕਿ 2018 ਵਿਚ ਸ਼ਿਨਜਿਆਂਗ ਦੇ ਤਿੰਨ ਪ੍ਰਮੁੱਖ ਉਈਗਰ ਖੇਤਰਾਂ ਵਿਚੋਂ ਘੱਟੋ-ਘੱਟ 5,70,000 ਉਈਗਰ ਮੁਸਲਮਾਨਾਂ ਨੂੰ ਲੇਬਰ ਟਰਾਂਸਫਰ ਸਕੀਮ ਤਹਿਤ ਜ਼ਬਰਨ ਕਪਾਹ ਝੁਗਣ ਦੇ ਕੰਮ ਵਿਚ ਲਾਇਆ ਗਿਆ ਸੀ, ਇਹ ਗਿਣਤੀ ਹੁਣ ਇਸ ਤੋਂ ਵੀ ਕਿਤੇ ਜ਼ਿਆਦਾ ਹੋ ਗਈ ਹੈ। ਚੀਨ ਦੀ ਲੇਬਰ ਟਰਾਂਸਫਰ ਸਕੀਮ ਸਰਕਾਰ ਦੀ ਵਿਸ਼ਾਲ ਗਰੀਬੀ ਹਟਾਉਣ ਮੁਹਿੰਮ ਦਾ ਹਿੱਸਾ ਹੈ ਪਰ ਸਬੂਤ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਇਹ ਸ਼ਿਨਜਿਆਂਗ ਵਿਚ ਉਈਗਰ ਅਤੇ ਹੋਰ ਮੁਸਲਿਮ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਵਰਤੀ ਜਾ ਰਹੀ ਹੈ।


 


Sanjeev

Content Editor

Related News