ਬੀਜਿੰਗ ''ਚ ਕੋਵਿਡ-19 ਦਾ ਕਹਿਰ, ਹਸਪਤਾਲਾਂ ''ਚ ਵਧਾਈਆਂ ਜਾ ਰਹੀਆਂ ਹਨ ਸਿਹਤ ਸਹੂਲਤਾਂ

05/03/2022 1:39:32 PM

ਬੀਜਿੰਗ (ਏਜੰਸੀ) : ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਕੋਵਿਡ-19 ਦੇ ਵੱਧਦੇ ਮਾਮਲਿਆਂ ਨਾਲ ਨਜਿੱਠਣ ਲਈ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਚੀਨੀ ਸਰਕਾਰੀ ਮੀਡੀਆ ਦੇ ਅਨੁਸਾਰ, 2003 ਵਿੱਚ ਸਾਰਸ ਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਉੱਤਰ-ਪੂਰਬੀ ਉਪਨਗਰ ਜ਼ਿਆਓਟਾਂਗਸ਼ਾਨ ਦੇ ਵਿੱਚ ਬਣੇ ਇੱਕ 1,000 ਬਿਸਤਰਿਆਂ ਵਾਲੇ ਹਸਪਤਾਲ ਦਾ ਨਵੀਨੀਕਰਨ ਕੀਤਾ ਗਿਆ ਹੈ।

ਇੰਟਰਨੈੱਟ 'ਤੇ ਘੁੰਮ ਰਹੀਆਂ ਅਣਅਧਿਕਾਰਤ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਵਾਈ ਅੱਡੇ ਦੇ ਨੇੜੇ ਇੱਕ ਕੇਂਦਰੀ ਆਈਸੋਲੇਸ਼ਨ ਸੈਂਟਰ ਵਿੱਚ ਹਜ਼ਾਰਾਂ ਬਿਸਤਰੇ ਸਥਾਪਤ ਕੀਤੇ ਗਏ ਹਨ, ਤਾਂ ਕਿ ਲੋੜ ਪੈਣ 'ਤੇ ਕੋਵਿਡ-19 ਦੇ ਮਰੀਜ਼ਾਂ ਨੂੰ ਉਥੇ ਦਾਖ਼ਲ ਕੀਤਾ ਜਾ ਸਕੇ। ਇਸ ਦੌਰਾਨ ਬੀਜਿੰਗ 'ਚ ਸੋਮਵਾਰ ਨੂੰ ਕੋਵਿਡ-19 ਇਨਫੈਕਸ਼ਨ ਦੇ 62 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚੋਂ 11 ਮਰੀਜ਼ਾਂ 'ਚ ਬੀਮਾਰੀ ਦੇ ਕੋਈ ਲੱਛਣ ਨਹੀਂ ਸਨ।

ਪਿਛਲੇ 2 ਹਫ਼ਤਿਆਂ ਦੌਰਾਨ ਬੀਜਿੰਗ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਲਗਭਗ 450 ਨਵੇਂ ਮਾਮਲੇ ਸਾਹਮਣੇ ਆਏ ਹਨ। ਚੀਨ 'ਚ ਕੋਵਿਡ-19 ਖਿਲਾਫ ਬਹੁਤ ਸਖਤ ਨੀਤੀ ਅਪਣਾਈ ਜਾ ਰਹੀ ਹੈ, ਜਿਸ 'ਚ ਯਾਤਰਾ ਸਮੇਤ ਹੋਰ ਗਤੀਵਿਧੀਆਂ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਵੱਡੇ ਪੱਧਰ 'ਤੇ ਲਾਕਡਾਊਨ ਵੀ ਲਾਗੂ ਕੀਤਾ ਜਾ ਰਿਹਾ ਹੈ। ਬੀਜਿੰਗ ਵਿੱਚ ਰੈਸਟੋਰੈਂਟ ਅਤੇ ਜਿਮ ਵੀ ਸੀਮਤ ਮਿਆਦ ਲਈ ਬੰਦ ਕਰ ਦਿੱਤੇ ਗਏ ਹਨ। ਇੰਨਾ ਹੀ ਨਹੀਂ, ਮੰਗਲਵਾਰ ਤੋਂ ਚੀਨ ਦੀ ਰਾਜਧਾਨੀ ਵਿਚ 2.1 ਕਰੋੜ ਲੋਕਾਂ ਲਈ ਤਿੰਨ ਪੜਾਵਾਂ ਵਾਲੀ ਕੋਵਿਡ-19 ਜਾਂਚ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ।

cherry

This news is Content Editor cherry