ਓਟਾਵਾ ਦੇ ਇਸ ਜੋੜੇ ਦੀ ਦਰਿਆਦਿਲੀ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਇਨ੍ਹਾਂ ਦੇ ਮੁਰੀਦ (ਤਸਵੀਰਾਂ)

10/21/2016 3:48:38 PM

ਓਟਾਵਾ— ਅੱਜ ਦੇ ਯੁੱਗ ਵਿਚ ਜਿੱਥੇ ਮਨੁੱਖ ਦੂਜੇ ਮਨੁੱਖ ਨੂੰ ਨਹੀਂ ਪੁੱਛਦਾ, ਉੱਥੇ ਜਾਨਵਰਾਂ ਲਈ ਕੈਨੇਡਾ ਦਾ ਇਹ ਜੋੜਾ ਜੋ ਕੁਝ ਕਰ ਰਿਹਾ ਹੈ, ਉਸ ਬਾਰੇ ਜਾਣ ਕੇ ਤੁਸੀਂ ਵੀ ਇਨ੍ਹਾਂ ਦੇ ਮੁਰੀਦ ਹੋ ਜਾਵੋਗੇ। ਓਟਾਵਾ ਦੇ ਰਹਿਣ ਵਾਲੇ ਜੋੜੇ ਮਾਰਕ ਅਤੇ ਸ਼ੇਰੇਨ ਸਟਾਰਮਰ ਨੇ ਸਾਬਤ ਕਰ ਦਿੱਤਾ ਹੈ ਕਿ ਘਰ ਚਾਹੇ ਵੱਡਾ ਨਾ ਵੀ ਹੋਵੇ, ਦਿਲ ਵੱਡਾ ਹੋਣਾ ਚਾਹੀਦਾ ਹੈ। ਇਸ ਜੋੜੇ ਨੇ ਲੋਕਾਂ ਵੱਲੋਂ ਠੁਕਰਾਏ ਗਏ 46 ਕੁੱਤਿਆਂ ਨੂੰ ਆਪਣੇ ਘਰ ਅਤੇ ਦਿਲ ਵਿਚ ਥਾਂ ਦੇ ਕੇ ਦਰਿਆਦਿਲੀ ਦਾ ਸਬੂਤ ਦਿੱਤਾ ਹੈ। ਇਸ ਜੋੜੇ ਨੇ ਅਜਿਹੇ 46 ਕੁੱਤਿਆਂ ਨੂੰ ਆਪਣੇ ਘਰ ਦੇ ਮੈਂਬਰ ਬਣਾ ਲਿਆ, ਜਿਨ੍ਹਾਂ ਨੂੰ ਜ਼ਿਆਦਾ ਉਮਰ ਅਤੇ ਬੀਮਾਰੀ ਕਾਰਨ ਉਨ੍ਹਾਂ ਦੇ ਮਾਲਕਾਂ ਨੇ ਸੜਕਾਂ ''ਤੇ ਧੱਕੇ ਖਾਣ ਲਈ ਛੱਡ ਦਿੱਤਾ ਸੀ। ਇਹ ਕੁੱਤੇ ਹੁਣ ਮਾਰਕ ਅਤੇ ਸ਼ੇਰੇਨ ਦੇ ਨਾਲ ਹੀ ਉਨ੍ਹਾਂ ਦੇ ਘਰ ਵਿਚ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਇੱਥੇ ਪੂਰਾ ਪਿਆਰ ਅਤੇ ਦੇਖਭਾਲ ਮਿਲਦੀ ਹੈ। 
ਇਨ੍ਹਾਂ ਕੁੱਤਿਆਂ ਨੂੰ ਪਾਲਣ ਲਈ ਇਸ ਜੋੜੇ ਨੇ ਆਪਣਾ ਪੁਰਾਣਾ ਘਰ ਵੀ ਛੱਡ ਦਿੱਤਾ ਕਿਉਂਕਿ ਉੱਥੇ ਘਰਾਂ ਵਿਚ ਕੁੱਤਿਆਂ ਨੂੰ ਰੱਖਣ ''ਤੇ ਪਾਬੰਦੀ ਸੀ। ਹੁਣ ਇਸ ਜੋੜੇ ਨੇ ਨਵਾਂ ਘਰ 4 ਏਕੜ ਵਿਚ ਫੈਲਿਆ ਹੋਇਆ ਹੈ, ਜਿੱਥੇ ਇਹ ਕੁੱਤੇ ਆਰਾਮ ਨਾਲ ਘੁੰਮ-ਫਿਰ ਸਕਦੇ ਹਨ ਅਤੇ ਖੇਡ ਸਕਦੇ ਹਨ। ਇਨ੍ਹਾਂ ਕੁੱਤਿਆਂ ਦੇ ਖਾਣ-ਪੀਣ ਅਤੇ ਦੇਖਭਾਲ ਵਿਚ ਆਉਣ ਵਾਲੇ ਖਰਚੇ ਨੇ ਪਰਿਵਾਰ ਨੂੰ ਵਿੱਤੀ ਸੰਕਟ ਵਿਚ ਪਾ ਦਿੱਤਾ ਸੀ ਪਰ ਫਿਰ ਵੀ ਇਸ ਜੋੜੇ ਦਾ ਕੁੱਤਿਆਂ ਪ੍ਰਤੀ ਪਿਆਰ ਘੱਟ ਨਹੀਂ ਹੋਇਆ। ਇਹ ਜੋੜਾ ਕਦੇ ਵੀ ਛੁੱਟੀਆਂ ਲੈ ਕੇ ਘੁੰਮਣ ਨਹੀਂ ਜਾਂਦਾ ਤਾਂ ਜੋ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਨਵੇਂ 46 ਦੋਸਤਾਂ ਦਾ ਦਿਲ ਲੱਗਾ ਰਹੇ ਅਤੇ ਇਹ ਕੁੱਤੇ ਵੀ ਉਨ੍ਹਾਂ ਨਾਲ ਬੇਹੱਦ ਪਿਆਰ ਕਰਦੇ ਹਨ।

Kulvinder Mahi

This news is News Editor Kulvinder Mahi