ਪਾਕਿ ਵੀ ਹੋਇਆ ਭਾਰਤੀ ਯੋਗਾ ਦਾ ਕਾਇਲ, ਲੋਕ ਗਰੁੱਪਾਂ ''ਚ ਯੋਗਾ ਕਰਦੇ ਆਏ ਨਜ਼ਰ

12/11/2017 11:29:29 AM

ਇਸਲਾਮਾਬਾਦ (ਬਿਊਰੋ)— ਭਾਰਤੀ ਯੋਗਾ ਤੇਜ਼ੀ ਨਾਲ ਪਾਕਿਸਤਾਨ ਵਿਚ ਆਪਣੇ ਪੈਰ ਪਸਾਰ ਰਿਹਾ ਹੈ। ਲੋਕ ਬਗੀਚਿਆਂ ਅਤੇ ਪਾਰਕਾਂ ਵਿਚ ਤੜਕਸਾਰ ਗਰੁੱਪਾਂ ਵਿਚ ਯੋਗ ਆਸਣ ਕਰਦੇ ਨਜ਼ਰ ਆਉਂਦੇ ਹਨ। ਸੂਤਰਾਂ ਮੁਤਾਬਕ ਪਾਕਿਸਤਾਨ ਵਿਚ ਕਈ ਥਾਵਾਂ 'ਤੇ ਬਕਾਇਦਾ ਯੋਗਾ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿਚ ਮਰਦ ਅਤੇ ਔਰਤਾਂ ਇੱਕਠੇ ਭਾਗ ਲੈਂਦੇ ਹਨ। ਇਹੀ ਨਹੀਂ ਪਾਕਿਸਤਾਨ ਵਿਚ ਅੰਤਰ ਰਾਸ਼ਟਰੀ ਯੋਗ ਦਿਵਸ ਵੀ ਬੀਤੇ ਤਿੰਨ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। 
ਇਕ ਅੰਗਰੇਜੀ ਅਖਬਾਰ ਦੀ ਲੇਖਕ ਬੀਨਾ ਸ਼ਾਹ ਵੱਲੋਂ ਲਿਖੇ ਇਕ ਲੇਖ ਮੁਤਾਬਕ ਪਾਕਿਸਤਾਨ ਵਿਚ ਯੋਗਾ ਦੀ ਸ਼ੁਰੂਆਤ ਸਾਲ 1980 ਵਿਚ ਹੋਈ ਸੀ। ਉਹ ਦੌਰ ਸਖਤ ਇਸਲਾਮੀਕਰਨ ਵਾਲਾ ਸੀ। ਉਸ ਸਮੇਂ ਪਾਕਿਸਤਾਨ ਵਿਚ ਭਾਰਤ ਵਿਰੁੱਧ ਨਫਰਤ ਸ਼ਿਖਰ 'ਤੇ ਸੀ। ਹਰ ਉਸ ਗੱਲ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਜਾਂਦਾ ਸੀ, ਜਿਸ ਵਿਚ ਭਾਰਤ ਜਾਂ ਫਿਰ ਹਿੰਦੂਵਾਦ ਦੀ ਗੱਲ ਹੁੰਦੀ ਸੀ। ਉਸੇ ਦੌਰਾਨ ਪ੍ਰੋਫੈਸਰ ਮੋਇਜ਼ ਹੁਸੈਨ ਮੁੰਬਈ ਤੋਂ ਯੋਗਾ ਸਿੱਖ ਕੇ ਜਦੋਂ ਵਾਪਸ ਕਰਾਚੀ ਗਏ ਤਾਂ ਉਨ੍ਹਾਂ ਨੇ ਖੁਦ ਦਾ ਇਕ ਯੋਗ ਇੰਸਟੀਚਿਊਟ ਖੋਲਿਆ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਇੰਸਟੀਚਿਊਟ ਵਿਚ ਅਜਿਹੀਆਂ ਔਰਤਾਂ ਯੋਗਾ ਸਿੱਖਦੀਆਂ ਸਨ, ਜੋ ਖੁਦ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ        ਸਿਹਤਮੰਦ ਰੱਖਣਾ ਚਾਹੁੰਦੀਆਂ ਸਨ। 
ਬੀਨਾ ਸ਼ਾਹ ਦੇ ਲੇਖ ਮੁਤਾਬਕ ਹੁਣ ਪਾਕਿਸਤਾਨ ਵਿਚ ਯੋਗਾ ਦਾ ਪ੍ਰਸਾਰ ਤੇਜ਼ੀ ਨਾਲ ਹੋ ਰਿਹਾ ਹੈ। ਉੱਤਰ ਤੋਂ ਦੱਖਣ ਤੱਕ ਸਾਰੇ ਸ਼ਹਿਰਾਂ ਵਿਚ ਯੋਗਾ ਕੈਂਪ ਲਗਾਏ ਜਾ ਰਹੇ ਹਨ। ਬੱਚੇ ਸਕੂਲਾਂ ਵਿਚ ਅਤੇ ਵੱਡੇ ਬਗੀਚਿਆਂ ਵਿਚ ਯੋਗਾ ਕਰਦੇ ਦੇਖੇ ਜਾ ਸਕਦੇ ਹਨ। ਅੱਜ ਪਾਕਿਸਤਾਨ ਦੇ ਹਰ ਸ਼ਹਿਰ ਵਿਚ ਲਕੋ ਯੋਗਾ ਕਰਦੇ ਦੇਖੇ ਜਾ ਸਕਦੇ ਹਨ। ਬੀਨਾ ਸ਼ਾਹ ਨੂੰ ਪਾਕਿਸਤਾਨ ਦੇ ਇਕ ਯੋਗ ਗੁਰੂ ਸ਼ਮਸ਼ਾਦ ਹੈਦਰ ਨੇ ਦੱਸਿਆ ਕਿ ਪੰਜਾਬ ਸੂਬੇ ਵਿਚ ਉਨ੍ਹਾਂ ਦੇ 50 ਯੋਗਾ ਕੈਂਪ ਲੱਗਦੇ ਹਨ। ਉੱਤਰ ਵਿਚ ਤ੍ਰਿਫਾਲ ਤੋਂ ਲੈ ਕੇ ਦੱਖਣ ਵਿਚ ਕਰਾਚੀ ਤੱਕ ਲੋਕਾਂ ਨੇ ਯੋਗਾ ਨੂੰ ਆਪਣੀ ਜੀਵਨ ਸ਼ੈਲੀ ਵਿਚ ਸ਼ਾਮਿਲ ਕਰ ਲਿਆ ਹੈ। ਹੁਣ ਪਾਕਿਸਤਾਨ ਵਿਚ ਕਈ ਨੌਜਵਾਨ ਯੋਗ ਗੁਰੂ ਵੀ ਹਨ, ਜੋ ਭਾਰਤ, ਥਾਈਲੈਂਡ, ਬਾਲੀ, ਉੱਤਰੀ ਅਮਰੀਕਾ ਅਤੇ ਬ੍ਰਿਟੇਨ ਤੋਂ ਯੋਗ ਦੀ ਟ੍ਰੇਨਿੰਗ ਲੈ ਕੇ ਆਏ ਹਨ। ਕਰਾਚੀ ਦੇ ਕੁਝ ਯੋਗ ਗੁਰੂ 'ਇੰਟਰਨੈਸ਼ਨਲ ਯੋਗਾ ਅਲਾਇੰਸ' ਦੇ ਨਾਲ ਫੇਸਬੁੱਕ ਦੇ ਮਾਧਿਅਮ ਨਾਲ ਲੋਕਾਂ ਨੂੰ ਯੋਗਾ ਲਈ ਪ੍ਰੇਰਿਤ ਕਰ ਹਨ।
ਲੇਖ ਮੁਤਾਬਕ ਅੱਜ ਦੇ ਦੌਰ ਵਿਚ ਪਾਕਿਸਤਾਨ ਆਪਣੀ ਸੱਭਿਆਚਾਰਕ ਜੜਾਂ ਅਤੇ ਵਿਰਾਸਤਾਂ ਨਾਲ ਦੁਬਾਰਾ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਤਿਹਾਸਕਾਰ ਬੱਚਿਆਂ ਨੂੰ ਦੇਸ਼ ਦੇ ਪੁਰਾਣੇ ਇਤਿਹਾਸ, ਧਰਮ ਅਤੇ ਸੱਭਿਆਚਾਰ ਬਾਰੇ ਪੜ੍ਹਾ ਰਹੇ ਹਨ।