ਪੰਜਾਬ ਲਾਕਡਾਊਨ ''ਤੇ ਕੈਨੇਡਾ ''ਚ ਪੰਜਾਬਣ ਦੀ ਪਟੀਸ਼ਨ, ਵਿੱਢੀ ਇਹ ਮੁਹਿੰਮ

03/28/2020 7:27:04 PM

ਟੋਰਾਂਟੋ : ਓਂਟਾਰੀਓ ਦੀ ਇਕ ਪੰਜਾਬਣ ਦੇ ਪਰਿਵਾਰਕ ਮੈਂਬਰ ਭਾਰਤ ਲਾਕਡਾਊਨ ਹੋਣ ਕਾਰਨ ਪੰਜਾਬ ਵਿਚ ਫਸ ਗਏ ਹਨ, ਜਿਸ ਨੂੰ ਲੈ ਕੇ ਉਸ ਨੇ ਇਕ ਆਨਲਾਈਨ ਪਟੀਸ਼ਨ ਦਰਜ ਕੀਤੀ ਹੈ ਤਾਂ ਕਿ ਲੋਕਾਂ ਦਾ ਸਮਰਥਨ ਲੈ ਕੇ ਉਹ ਕੈਨੇਡਾ ਸਰਕਾਰ 'ਤੇ ਦਬਾਅ ਬਣਾ ਸਕੇ। ਪਟੀਸ਼ਨਕਰਤਾ ਰਿਤੂ ਸਹੋਤਾ ਨੇ ਆਪਣੇ ਪਰਿਵਾਰ ਨੂੰ ਭਾਰਤ ਤੋਂ ਵਾਪਸ ਲਿਆਉਣ ਲਈ ਜੋ ਮੁਹਿੰਮ ਵਿੱਢੀ ਹੈ, ਉਸ ਨੂੰ ਲੋਕਾਂ ਦਾ ਭਾਰੀ ਸਮਰਥਨ ਵੀ ਮਿਲ ਰਿਹਾ ਹੈ। ਪਟੀਸ਼ਨ ਲਾਂਚ ਹੋਣ ਦੇ ਤਿੰਨ ਦਿਨਾਂ ਵਿਚ ਇਸ 'ਤੇ 10,000 ਤੋਂ ਵੱਧ ਦਸਤਖਤ ਹੋ ਚੁੱਕੇ ਹਨ। 


ਰਿਤੂ ਸਹੋਤਾ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਤੇ ਗ੍ਰੈਂਡ ਪੇਰੈਂਟਸ ਪੰਜਾਬ ਵਿਚ ਫਸੇ ਹੋਏ ਹਨ। ਚਾਰੋਂ ਰਿਸ਼ਤੇਦਾਰ ਸਿਹਤ ਸੰਬੰਧੀ ਚਿੰਤਾਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਸ ਦੇ ਪਿਤਾ ਦੀ ਦਵਾਈ ਜਲਦ ਖਤਮ ਹੋਣ ਵਾਲੀ ਹੈ।

ਸਹੋਤਾ ਨੇ ਕੈਨੇਡੀਅਨ ਸਰਕਾਰ ਨੂੰ ਉਸ ਦੇ ਪਰਿਵਾਰ ਨੂੰ ਘਰ ਲਿਆਉਣ ਦੀ ਮੰਗ ਕੀਤੀ ਹੈ। ਸਹੋਤਾ ਨੇ ਕੈਨੇਡੀਅਨ ਸੰਸਦ ਮੈਂਬਰਾਂ ਅਤੇ ਐੱਮ. ਪੀ. ਪੀਜ਼. ਨੂੰ ਈਮੇਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਾਰ-ਵਾਰ ਇਹ ਹੀ ਜਵਾਬ ਮਿਲ ਰਹੇ ਹਨ ਕਿ ਇਸ ਸਮੇਂ ਇਹ ਮੁਸ਼ਕਲ ਹੈ। ਰਿਤੂ ਨੇ ਕਿਹਾ ਕਿ ਕੈਨੇਡਾ ਸਰਕਾਰ ਦੁਨੀਆ ਭਰ ਦੀਆਂ ਥਾਵਾਂ ਤੋਂ ਫਸੇ ਕੈਨੇਡੀਅਨਾਂ ਨੂੰ ਵਾਪਸ ਲਿਆ ਰਹੀ ਹੈ। ਪਿਛਲੇ ਹਫਤੇ ਪੇਰੂ, ਮੋਰੱਕੋ, ਹਾਂਡੂਰਸ, ਸਪੇਨ, ਇਕੂਏਟਰ, ਅਲ ਸਲਵਾਡੋਰ ਅਤੇ ਗੁਆਟੇਮਾਲਾ ਤੋਂ ਕੈਨੇਡੀਅਨ ਲਿਆਂਦੇ ਗਏ ਹਨ।

ਦੂਜੇ ਦੇਸ਼ਾਂ ਨੇ ਵੀ ਆਪਣੇ ਨਾਗਰਿਕਾਂ ਨੂੰ ਲਿਆਉਣ ਲਈ ਭਾਰਤ ਨੂੰ ਵਿਸ਼ੇਸ਼ ਉਡਾਣਾਂ ਭੇਜੀਆਂ ਹਨ। ਬੁੱਧਵਾਰ ਨੂੰ ਜਰਮਨੀ ਨੇ ਦਿੱਲੀ ਤੋਂ ਫਰੈਂਕਫਰਟ ਲਈ ਇਕ ਵਿਸ਼ੇਸ਼ ਉਡਾਣ ਭੇਜੀ ਸੀ। ਭਾਰਤ ਵਿਚ 15 ਹਜ਼ਾਰ ਕੈਨੇਡੀਅਨ ਫਸੇ ਹਨ। ਸਹੋਤਾ ਨੇ ਕਿਹਾ ਹੈ ਕਿ ਕੈਨੇਡਾ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਭਾਰਤ ਤੋਂ ਆਪਣੇ ਨਾਗਰਿਕਾਂ ਨੂੰ ਲੈਣ ਲਈ ਵਿਸ਼ੇਸ਼ ਜਹਾਜ਼ ਭੇਜੇ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਕਿ ਭਾਰਤ ਹੋਰ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਨੂੰ ਲਿਜਾਣ ਦੀ ਆਗਿਆ ਨਹੀਂ ਦੇ ਰਿਹਾ ਬਸ ਕੈਨੇਡਾ ਸਰਕਾਰ ਹੀ ਕੋਸ਼ਿਸ਼ ਨਹੀਂ ਕਰ ਰਹੀ। 

Sanjeev

This news is Content Editor Sanjeev