ਓਂਟਾਰੀਓ ''ਚ ਕੋਰੋਨਾ ਦਾ ਪ੍ਰਕੋਪ, 24 ਘੰਟਿਆਂ ਦੌਰਾਨ ਵੱਡੀ ਗਿਣਤੀ ''ਚ ਲੋਕ ਹੋਏ ਸ਼ਿਕਾਰ

01/11/2021 9:08:39 PM

ਓਟਾਵਾ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇੱਥੇ ਬੀਤੇ 24 ਘੰਟਿਆਂ ਦੌਰਾਨ 3,945 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਬਣੇ ਹਨ। ਇਸ ਦੌਰਾਨ ਹੋਰ 61 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।

24 ਘੰਟਿਆਂ ਦੌਰਾਨ ਸਭ ਤੋਂ ਵੱਧ ਮਾਮਲੇ ਟੋਰਾਂਟੋ ਤੋਂ ਸਾਹਮਣੇ ਆਏ ਹਨ, ਜਿੱਥੇ 1,160 ਮਾਮਲੇ ਦਰਜ ਹੋਏ ਹਨ ਤੇ ਇਹ ਆਪਣੇ ਆਪ ਵਿਚ ਇਕ ਵੱਡਾ ਰਿਕਾਰਡ ਹਨ। ਇਸ ਦੌਰਾਨ ਪੀਲ ਵਿਚ 641, ਯਾਰਕ ਰੀਜਨ ਵਿਚ 367, ਵਿੰਡਸਰ-ਅਸੈਕਸ ਕਾਊਂਟੀ ਵਿਚ 223 ਅਤੇ ਵਾਟਰਲੂ ਵਿਚ 220 ਨਵੇਂ ਮਾਮਲੇ ਦਰਜ ਹੋਏ ਹਨ। ਸਿਹਤ ਮੰਤਰੀ ਕ੍ਰਿਸਟਾਈਨ ਇਲੀਅਟ ਨੇ ਇਸ ਸਬੰਧੀ ਟਵਿੱਟਰ 'ਤੇ ਜਾਣਕਾਰੀ ਸਾਂਝੀ ਕੀਤੀ ਹੈ। 

ਓਂਟਾਰੀਓ ਵਿਚ ਸ਼ਨੀਵਾਰ ਨੂੰ 3400 ਲੋਕ ਕੋਰੋਨਾ ਦੇ ਸ਼ਿਕਾਰ ਹੋਏ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 4,249 ਲੋਕ ਕੋਰੋਨਾ ਦੀ ਲਪੇਟ ਵਿਚ ਆਏ । ਸਿਹਤ ਅਧਿਕਾਰੀਆਂ ਨੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਸੂਬੇ ਵਿਚ ਤਾਲਾਬੰਦੀ ਦੇ ਬਾਵਜੂਦ ਇਹ ਹਾਲ ਹੈ ਤੇ ਜੇਕਰ ਤਾਲਾਬੰਦੀ ਨਾ ਹੋਵੇ ਤਾਂ ਸ਼ਾਇਦ ਹਾਲਾਤ ਬਹੁਤ ਜ਼ਿਆਦਾ ਖਰਾਬ ਹੋਣਗੇ।
 
ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਅਪੀਲ ਕੀਤੀ ਹੈ ਕਿ ਫੋਰਡ ਸਰਕਾਰ ਤਾਲਾਬੰਦੀ ਦੇ ਨਿਯਮਾਂ ਨੂੰ ਸਖ਼ਤ ਕਰਕੇ ਲੰਬੇ ਸਮੇਂ ਤੱਕ ਲਾਗੂ ਕਰੇ। ਸੂਬੇ ਵਿਚ ਕੋਰੋਨਾ ਕਾਰਨ ਹੁਣ ਤੱਕ 4,983 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿਚ ਇਸ ਸਮੇਂ 30 ਹਜ਼ਾਰ ਕਿਰਿਆਸ਼ੀਲ ਮਾਮਲੇ ਹਨ। ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ 1,80,720 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। 

Sanjeev

This news is Content Editor Sanjeev