ਓਂਟਾਰੀੳ ਦੇ ਵਿੱਤ ਮੰਤਰੀ ਦਾ ਅਸਤੀਫ਼ਾ ਮਨਜ਼ੂਰ, ਤਾਲਾਬੰਦੀ ਦੌਰਾਨ ਘੁੰਮਣ ਗਏ ਸੀ ਵਿਦੇਸ਼

01/01/2021 10:19:44 AM

ਨਿਊਯਾਰਕ/ ਓਂਟਾਰੀਓ, (ਰਾਜ ਗੋਗਨਾ)— ਓਂਟਾਰੀਓ ਦੇ ਵਿੱਤ ਮੰਤਰੀ ਰੋਡ ਫਿਲਪਜ਼ ਜੋ ਦਸੰਬਰ 13 ਤੋਂ ਕੈਨੇਡਾ ਦੇ ਬਾਹਰ ਛੁੱਟੀਆਂ ਮਨਾ ਰਹੇ ਸਨ, ਵੱਲੋਂ ਵਾਪਸ ਕੈਨੇਡਾ ਪਰਤਨ 'ਤੇ ਦਿੱਤਾ ਗਿਆ ਅਸਤੀਫਾ ਸੂਬੇ ਦੇ  ਡੱਗ ਫੋਰਡ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਕੋਵਿਡ ਦੇ ਸਮੇਂ ਜਦੋਂ ਸੂਬਾਈ ਸਰਕਾਰ ਵੱਲੋਂ ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਨਾ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਸਨ ਅਤੇ ਪਿਛਲੇ ਸਮੇਂ ਦੌਰਾਨ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਸਨ। 

ਇਹੋ ਜਿਹੇ ਹਾਲਾਤਾਂ ਵਿਚ ਵਿੱਤ ਮੰਤਰੀ ਦੀ ਮੁਲਕ ਤੋਂ ਬਾਹਰ ਛੁੱਟੀਆਂ ਮਨਾਉਣ ਦੀ ਚਾਰ ਚੁਫੇਰਿਓਂ ਨਿਖੇਧੀ ਹੋ ਰਹੀ ਸੀ ਅਤੇ ਡੱਗ ਫੋਰਡ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਜਾ ਰਿਹਾ ਸੀ। ਇਸੇ ਕਾਰਨ ਵਿੱਤ ਮੰਤਰੀ ਨੇ ਕੈਨੇਡਾ ਵਾਪਸ ਪਰਤਦਿਆਂ ਹੀ ਆਪਣਾ ਅਸਤੀਫਾ ਮੁੱਖ ਮੰਤਰੀ ਡੱਗ ਫੋਰਡ ਨੂੰ ਦੇ ਦਿੱਤਾ ਜਿਸ ਨੂੰ ਸਵੀਕਾਰ ਵੀ ਕਰ ਲਿਆ ਗਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੀ 26 ਤਾਰੀਖ਼ ਤੋਂ ਸੂਬੇ ਭਰ ਵਿਚ ਤਾਲਾਬੰਦੀ ਲਗਾਈ ਗਈ ਹੈ।

ਜਦੋਂ ਵਿੱਤ ਮੰਤਰੀ ਨੂੰ ਇਸ ਸਬੰਧੀ ਪੁੱਛਿਆ ਗਿਆ ਕਿ ਉਹ ਤਾਲਾਬੰਦੀ ਦੌਰਾਨ ਛੁੱਟੀਆਂ ਮਨਾਉਣ ਲਈ ਵਿਦੇਸ਼ ਕਿਉਂ ਗਏ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਇਸ ਦੀ ਯੋਜਨਾ ਬਣਾ ਚੁੱਕੇ ਸਨ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਕੁਝ ਸੂਬਿਆਂ ਵਿਚ ਕੋਰੋਨਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਉਨ੍ਹਾਂ ਵਿਚੋਂ ਓਂਟਾਰੀਓ ਵੀ ਇਕ ਹੈ। 
 

Lalita Mam

This news is Content Editor Lalita Mam