ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ''ਚ ਹੋ ਸਕਦੈ ਦੁੱਗਣਾ ਵਾਧਾ : ਓਂਟਾਰੀਓ ਸਿਹਤ ਮੰਤਰੀ

01/13/2021 4:41:10 PM

ਟੋਰਾਂਟੋ- ਓਂਟਾਰੀਓ ਦੇ ਸਿਹਤ ਮੰਤਰਾਲਾ ਨੇ ਚਿਤਾਵਨੀ ਦਿੰਦਿਆਂ ਦੱਸਿਆ ਕਿ ਜਿਸ ਹਿਸਾਬ ਨਾਲ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਫਰਵਰੀ ਤੱਕ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ।

ਮਾਹਰਾਂ ਨੇ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ ਤੋਂ ਵੱਧ ਦੂਜੀ ਲਹਿਰ ਦੌਰਾਨ ਮਾਮਲੇ ਵੱਧਦੇ ਜਾ ਰਹੇ ਹਨ। ਹਾਲਾਂਕਿ ਦੇਸ਼ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ ਹੈ ਪਰ ਕੋਰੋਨਾ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਮਾਹਰਾਂ ਵਲੋਂ ਤਿਆਰ ਡਾਟਾ ਮੁਤਾਬਕ ਜਨਵਰੀ ਦੇ ਮੱਧ ਤੋਂ ਫਰਵਰੀ ਦੇ ਅਖੀਰ ਤੱਕ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਦੁੱਗਣੀ ਹੋ ਜਾਵੇਗੀ। ਜਿੱਥੇ ਪਹਿਲਾਂ 50 ਲੋਕਾਂ ਦੀ ਇਕ ਦਿਨ ਵਿਚ ਮੌਤ ਹੁੰਦੀ ਸੀ, ਹੁਣ 100 ਲੋਕਾਂ ਦੀ ਇਕ ਦਿਨ ਵਿਚ ਮੌਤ ਹੋ ਸਕਦੀ ਹੈ। ਦਸੰਬਰ ਵਿਚ ਮਾਹਰਾਂ ਨੇ ਖਦਸ਼ਾ ਜਤਾਇਆ ਸੀ ਕਿ ਜਲਦੀ ਹੀ ਕੋਰੋਨਾ ਮਾਮਲਿਆਂ ਵਿਚ ਵਾਧਾ ਹੋਵੇਗਾ ਤੇ ਰੋਜ਼ਾਨਾ 50 ਲੋਕਾਂ ਦੀ ਮੌਤ ਹੋਵੇਗੀ ਤੇ ਅਜਿਹਾ ਹੀ ਹੋ ਰਿਹਾ ਹੈ। ਮਾਹਰਾਂ ਨੇ ਕਿਹਾ ਕਿ ਜੇਕਰ ਅਜੇ ਵੀ ਲੋਕਾਂ ਨੇ ਦੋਸਤਾਂ ਦੇ ਰਿਸ਼ਤੇਦਾਰਾਂ ਨੂੰ ਮਿਲਣ ਆਦਿ ਦੀਆਂ ਆਦਤਾਂ ਨਾ ਛੱਡੀਆਂ ਤਾਂ ਇਸ ਦੇ ਬੇਹੱਦ ਬੁਰੇ ਨਤੀਜੇ ਭੁਗਤਣੇ ਪੈਣਗੇ। 

ਪ੍ਰੈੱਸ ਕਾਨਫਰੰਸ ਦੌਰਾਨ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਹਰ ਸਾਲ ਕੈਂਸਰ ਤੇ ਦਿਲ ਦੀਆਂ ਬੀਮਾਰੀਆਂ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਨਾਲੋਂ ਵੱਧ ਕੋਰੋਨਾ ਕਾਰਨ ਮੌਤਾਂ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ 14 ਜਨਵਰੀ ਤੋਂ ਸੂਬੇ ਵਿਚ ਐਮਰਜੈਂਸੀ ਲਾਗੂ ਹੋ ਗਈ ਹੈ। ਇਸ ਦੌਰਾਨ ਬਹੁਤ ਜ਼ਰੂਰੀ ਨਾ ਹੋਣ 'ਤੇ ਲੋਕ ਘਰਾਂ ਵਿਚੋਂ ਬਾਹਰ ਨਹੀਂ ਨਿਕਲ ਸਕਦੇ। ਰਾਸ਼ਨ ਜਾਂ ਦਵਾਈ ਲੈਣ ਲਈ ਹੀ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਹੈ। 
 

Lalita Mam

This news is Content Editor Lalita Mam