ਓਮਾਨ ''ਚ ਹਜ਼ਾਰਾਂ ਭਾਰਤੀਆਂ ਦੀ ਨੌਕਰੀ ਜਾਣ ਦਾ ਖਦਸ਼ਾ, ਸਰਕਾਰ ਨੇ ਦਿੱਤੇ ਇਹ ਆਦੇਸ਼

05/02/2020 5:57:52 PM

ਓਮਾਨ (ਬਿਊਰੋ): ਓਮਾਨ ਵਿਚ ਰਹਿ ਰਹੇ ਭਾਰਤੀ ਲੋਕਾਂ 'ਤੇ ਵੱਡੀ ਗਿਣਤੀ ਵਿਚ ਨੌਕਰੀ ਜਾਣ ਦਾ ਖਤਰਾ ਮੰਡਰਾਉਣ ਲੱਗਾ ਹੈ। ਓਮਾਨ ਸਰਕਾਰ ਨੇ ਕੰਪਨੀਆਂ ਵਿਚ ਵਿਦੇਸ਼ੀ ਲੋਕਾਂ ਦੀ ਜਗ੍ਹਾ ਆਪਣੇ ਨਾਗਰਿਕਾਂ ਨੂੰ ਨੌਕਰੀ 'ਤੇ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਓਮਾਨ ਦੇ ਵਿੱਤ ਮੰਤਰਾਲੇ ਨੇ ਦੇਸ਼ ਦੀਆਂ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਸਰਕੁਲਰ ਜਾਰੀ ਕਰਕੇ ਕਿਹਾ ਹੈ ਕਿ ਉਹ ਆਪਣੇ ਇੱਥੇ ਵਿਦੇਸ਼ੀ ਨਾਗਰਿਕਾਂ ਦੀ ਜਗ੍ਹਾ ਓਮਾਨੀ ਨਾਗਰਿਕਾਂ ਦੀ ਭਰਤੀ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ।

ਕੰਪਨੀਆਂ ਨੂੰ 2021 ਤੱਕ ਪ੍ਰਬੰਧਕੀ ਅਹੁਦਿਆਂ ਸਮੇਤ ਹੋਰ ਅਹੁਦਿਆਂ 'ਤੇ ਵਿਦੇਸ਼ੀ ਕਰਮਚਾਰੀਆਂ ਦੀ ਜਗ੍ਹਾ ਯੋਗ ਓਮਾਨੀ ਨਾਗਰਿਕਾਂ ਨੂੰ ਨਿਯੁਕਤੀ ਕਰਨ ਲਈ ਕਿਹਾ ਗਿਆ ਹੈ। ਸਰਕਾਰ ਦੇ ਇਸ ਫੈਸਲੇ ਦੇ ਬਾਅਦ ਓਮਾਨ ਵਿਚ ਰਹਿ ਰਹੇ ਭਾਰਤੀਆਂ ਦੇ ਵੱਡੀ ਗਿਣਤੀ ਵਿਚ ਪ੍ਰਭਾਵਿਤ ਹੋਣ ਦਾ ਖਤਰਾ ਵੱਧ ਗਿਆ ਹੈ। ਓਮਾਨ ਵਿਚ ਲੱਗਭਗ 7.7 ਲੱਖ ਭਾਰਤੀ ਹਨ, ਜਿਹਨਾਂ ਵਿਚੋਂ 6.55 ਲੱਖ ਕਾਮੇ ਜਾਂ ਪੇਸ਼ੇਵਰ ਲੋਕ ਹਨ। ਇਹ ਭਾਰਤੀ ਓਮਾਨ ਦੀ ਕੁੱਲ ਆਬਾਦੀ 46 ਲੱਖ ਦਾ ਕਰੀਬ 17 ਫੀਸਦੀ ਹਨ। ਓਮਾਨ ਵਿਚ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 40 ਫੀਸਦੀ ਤੋਂ ਵੱਧ ਹੈ। ਅਰਬ ਦੇਸ਼ਾਂ ਵਿਚ ਕਰੀਬ 2.5 ਕਰੋੜ ਵਿਦੇਸ਼ੀ ਨਾਗਰਿਕ ਹਨ ਜਿਹਨਾਂ ਵਿਚ ਜ਼ਿਆਦਾਤਰ ਏਸ਼ੀਆਈ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ H-1B ਵੀਜ਼ਾਧਾਰਕਾਂ ਅਤੇ ਗ੍ਰੀਨ ਕਾਰਡ ਬਿਨੈਕਾਰਾਂ ਨੂੰ ਦਿੱਤੀ ਰਾਹਤ

ਆਪਣੇ ਨਾਗਰਿਕਾਂ ਨੂੰ ਨੌਕਰੀ 'ਤੇ ਰੱਖਣ ਦੇ ਆਦੇਸ਼ ਦੇ ਨਾਲ ਸਰਕਾਰ ਨੇ ਕਿਹਾ ਹੈ ਕਿ ਇਹ ਕੰਮ ਤੇਜ਼ੀ ਨਾਲ ਅਤੇ ਸਗੰਠਿਤ ਢੰਗ ਨਾਲ ਕੀਤਾ ਜਾਣਾ ਹੈ। ਸਰਕਾਰ ਨੇ ਇਹ ਕਦਮ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਅਤੇ ਕੋਰੋਨਾਵਾਇਰਸ ਦੇ ਕਾਰਨ ਅਰਥਵਿਵਸਥਾ ਵਿਚ ਸੁਸਤੀ ਆਉਣ ਦੇ ਕਾਰਨ ਬੇਰੋਜ਼ਗਾਰੀ ਵਧਣ ਦੇ ਖਦਸ਼ੇ ਕਾਰਨ ਚੁੱਕਿਆ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੀ ਗਿਰਾਵਟ ਨਾਲ ਤੇਲ ਖੁਸ਼ਹਾਲ ਖੇਤਰ ਨੂੰ ਕਰਾਰੀ ਸੱਟ ਲੱਗੀ ਹੈ। ਅਜਿਹੇ ਵਿਚ ਖਾੜੀ ਦੇ ਜ਼ਿਆਦਾਤਰ ਦੇਸ਼ਾਂ ਵਿਚ ਜਨਤਕ ਅਤੇ ਨਿੱਜੀ ਦੋਵੇਂ ਖੇਤਰਾਂ ਵਿਚ ਵਿਦੇਸ਼ੀਆਂ 'ਤੇ ਆਪਣੇ ਨਾਗਰਿਕਾਂ ਨੂੰ ਤਰਜੀਹ ਦੇਣ ਦੇ ਲਈ ਕਾਨੂੰਨ ਪੇਸ਼ ਕੀਤਾ ਹੈ।

Vandana

This news is Content Editor Vandana