ਓਕਲਾਹੋਮਾ ''ਚ ਮੌਤ ਦੀ ਸਜ਼ਾ ਦੇਣ ਲਈ ਹੋਵੇਗੀ ਨਾਈਟ੍ਰੋਜਨ ਗੈਸ ਦੀ ਵਰਤੋਂ

03/15/2018 11:21:33 AM

ਵਾਸ਼ਿੰਗਟਨ (ਬਿਊਰੋ)— ਓਕਲਾਹੋਮਾ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਮੌਤ ਦੀ ਸਜ਼ਾ ਦੇਣ ਲਈ ਹੁਣ ਨਾਈਟ੍ਰੋਜਨ ਗੈਸ ਦੀ ਵਰਤੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਜਿਹਾ ਕਰਨ ਵਾਲਾ ਇਹ ਅਮਰੀਕਾ ਦਾ ਪਹਿਲਾ ਰਾਜ ਹੋਵੇਗਾ। ਰਾਜ ਦੇ ਅਟਾਰਨੀ ਜਨਰਲ ਮਾਈਕ ਹੰਟਰ ਅਤੇ ਸੋਧ ਵਿਭਾਗ ਦੇ ਡਾਇਰੈਕਟਰ ਜੋਅ ਓਲਬੌਗ ਨੇ ਸੰਯੁਕਤ ਰੂਪ ਨਾਲ ਇਸ ਯੋਜਨਾ ਦਾ ਐਲਾਨ ਕੀਤਾ। ਡਰੱਗ ਨਿਰਮਾਤਾਵਾਂ ਵੱਲੋਂ ਜਾਰੀ ਵਿਰੋਧ ਦੇ ਕਾਰਨ ਓਕਲਾਹੋਮਾ ਅਤੇ ਹੋਰ ਰਾਜਾਂ ਨੂੰ ਮੌਤ ਦੀ ਸਜ਼ਾ ਦੇਣ ਲਈ ਵਰਤੇ ਜਾਣ ਵਾਲੇ ਜਾਨਲੇਵਾ ਟੀਕੇ ਲਈ ਦਵਾਈਆਂ ਨਹੀਂ ਮਿਲ ਪਾ ਰਹੀਆਂ ਹਨ। ਡਰੱਗ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਉਤਪਾਦਾਂ ਦੀ ਵਰਤੋਂ ਮੌਤ ਦੀ ਸਜ਼ਾ ਦੇਣ ਲਈ ਨਹੀਂ ਕੀਤੀ ਜਾਣੀ ਚਾਹੀਦੀ। 
ਹੰਟਰ ਅਤੇ ਓਲਬੌਗ ਨੇ ਕਿਹਾ ਕਿ ਰਾਜ ਹੁਣ ਮੌਤ ਦੀ ਸਜ਼ਾ ਕਿਰਿਆਹੀਣ ਗੈਸ ਸੁੰਘਾ ਕੇ ਦੇਵੇਗਾ। ਹੰਟਰ ਨੇ ਕਿਹਾ,''ਅਸੀਂ ਜ਼ਿਆਦਾ ਸਮੇਂ ਤੱਕ ਡਰੱਗ ਦੇ ਇੰਤਜ਼ਾਰ ਵਿਚ ਬੈਠੇ ਨਹੀਂ ਰਹਿ ਸਕਦੇ ਹਾਂ। ਨਾਈਟ੍ਰੋਜਨ ਦੀ ਵਰਤੋਂ ਪ੍ਰਭਾਵੀ ਹੋਵੇਗੀ ਅਤੇ ਇਹ ਆਸਾਨੀ ਨਾਲ ਮਿਲ ਜਾਵੇਗਾ। ਇਸ ਦੇ ਨਾਲ ਹੀ ਇਸ ਲਈ ਜਟਿਲ ਮੈਡੀਕਲ ਵਿਧੀ ਦੀ ਵੀ ਲੋੜ ਨਹੀਂ ਹੋਵੇਗੀ। ਨਵੇਂ ਪ੍ਰੋਟੋਕਾਲ ਲਈ ਆਉਣ ਵਾਲੇ ਮਹੀਨਿਆਂ ਵਿਚ ਅਧਿਕਾਰੀ ਮਿਲ ਕੇ ਕੰਮ ਕਰਨਗੇ।''