ਸਾਲ ਦੇ ਅਖੀਰ ਤੱਕ ਵੀ ਨਹੀਂ ਘਟਣਗੀਆਂ ਤੇਲ ਦੀਆਂ ਕੀਮਤਾਂ

08/19/2018 6:21:11 PM

ਓਨਟਾਰੀਓ (ਏਜੰਸੀ)- ਤੇਲ ਦੀਆਂ ਕੀਮਤਾਂ ਵਿਚ 10 ਸੈਂਟ ਦੀ ਕਟੌਤੀ ਕਰਨ ਦਾ ਜਿਹੜਾ ਵਾਅਦਾ ਚੋਣਾਂ ਦੌਰਾਨ ਪ੍ਰੀਮੀਅਰ ਡੱਗ ਫੋਰਡ ਵਲੋਂ ਕੀਤਾ ਗਿਆ ਸੀ ਉਹ ਇਸ ਸਾਲ ਦੇ ਅਖੀਰ ਤੱਕ ਪੂਰਾ ਹੋਣਾ ਸੰਭਵ ਨਹੀਂ। ਇਹ ਖੁਲਾਸਾ ਗਵਰਮੈਂਟ ਹਾਊਸ ਲੀਡਰ ਟੌਡ ਸਮਿੱਥ ਨੇ ਕੀਤਾ। ਸਾਬਕਾ ਪ੍ਰੀਮੀਅਰ ਕੈਥਲੀਨ ਵਿੰਨ ਵਲੋਂ ਚਲਾਏ ਕੈਂਪ ਐਂਡ ਟਰੇਡ ਪ੍ਰੋਗਰਾਮ ਨੂੰ ਖਤਮ ਕਰਨ ਲਈ ਨਵੀਂ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵਲੋਂ ਪ੍ਰਸਤਾਵਿਤ ਬਿੱਲ ਪਾਸ ਹੋਣ ਤੋਂ ਬਾਅਦ ਹੀ ਤੇਲ ਦੀਆਂ ਕੀਮਤਾਂ ਘਟਾਉਣ ਲਈ ਹੀ ਖਤਮ ਕਰਨ ਦਾ ਫੈਸਲਾ ਕੀਤਾ ਸੀ। ਸਮਿੱਥ ਨੇ ਨਿਊਜ਼ ਕਾਨਫਰੰਸ ਵਿਚ ਨਵੀਂ ਸਰਕਾਰ ਦੀਆਂ ਪ੍ਰਾਪਤੀਆਂ ਦੱਸਦਿਆਂ ਹੋਇਆਂ ਆਖਿਆ ਕਿ ਅਸੀਂ ਕੈਂਪ ਐਂਡ ਟਰੇਡ ਪਲੈਨ ਨੂੰ ਛੇਤੀ ਤੋਂ ਛੇਤੀ ਖਤਮ ਕਰਵਾਉਣ ਲਈ ਵਚਨਬੱਧ ਹਾਂ ਤੇ ਇਸ ਦੇ ਨਾਲ ਇਸ ਸਾਲ ਦੇ ਅੰਤ ਤੱਕ ਖਤਮ ਹੋਣ ਦੀ ਸੰਭਾਵਨਾ ਵੀ ਹੈ।

ਉਸ ਤੋਂ ਬਾਅਦ ਹੀ ਅਸੀਂ ਤੇਲ ਦੀਆਂ ਕੀਮਤਾਂ ਲਿਟਰ ਪਿੱਛੇ 4.3 ਸੈਂਟ ਦੇ ਹਿਸਾਬ ਨਾਲ ਘਟਾ ਦੇਵਾਂਗੇ। ਤੇਲ ਦੀਆਂ ਕੀਮਤਾਂ ਘਟਾਉਣ ਤੋਂ ਭਾਵ ਹੋਵੇਗਾ ਕਿ ਫੋਰਡ ਸਰਕਾਰ ਦੇ ਪ੍ਰੋਵਿੰਸ਼ੀਅਲ ਖਜ਼ਾਨੇ ਵਿਚੋਂ 1.2 ਬਿਲੀਅਨ ਡਾਲਰ ਦੀ ਆਮਦਨ ਵਿਚ ਕਟੌਤੀ। ਜ਼ਿਕਰਯੋਗ ਹੈ ਕਿ ਫੋਰਡ ਨੇ ਸਰਕਾਰੀ ਖਰਚੇ ਵਿਚੋਂ 6 ਬਿਲੀਅਨ ਡਾਲਰ ਦੀ ਕਟੌਤੀ ਕਰਨ ਤੇ ਇਨਕਮ ਟੈਕਸਾਂ ਨੂੰ 2.3 ਬਿਲੀਅਨ ਡਾਲਰ ਦੇ ਹਿਸਾਬ ਨਾਲ ਛਾਂਗਣ ਦਾ ਵਾਅਦਾ ਕੀਤਾ ਸੀ।