ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਪਣਾਉਣ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ : ਨਿਰਮਲ ਸਿੰਘ ਧੂਲਕੋਟ

11/19/2017 1:11:46 PM

ਮਿਲਾਨ, (ਸਾਬੀ ਚੀਨੀਆ)— ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਸਿਧਾਤਾਂ ਨੂੰ ਅਪਣਾਉਣ ਵਾਲਿਆਂ ਨੂੰ ਦੀਨ-ਦੁਨੀਆਂ ਦੇ ਸਭ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ
“ਵੰਡ ਛਕਣ, ਕਿਰਤ ਕਰਨ ਅਤੇ ਨਾਮ ਜਪਣ'' ਵਾਲੇ ਪ੍ਰਾਣੀਆਂ ਦੇ ਪਾਰ ਨਿਤਾਰੇ ਗੁਰੂ ਸਾਹਿਬ ਆਪ ਕਰਦੇ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਨਿਰਮਲ ਸਿੰਘ ਧੂਲਕੋਟ ਵਲੋਂ ਗੁਰੂ ਨਾਨਕ ਦੇਵ ਜੀ ਦੇ 548 ਵੇਂ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਮੌਕੇ ਕਰਵਾਏ ਧਾਰਮਿਕਾਂ ਸਮਾਗਮਾਂ 'ਚ ਬੋਲਦੇ ਹੋਏ ਕੀਤਾ ਗਿਆ।
ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀ 1 ਦੀਆਂ ਸੰਗਤਾਂ ਵਲੋਂ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਨਾਲ ਮਨਾਇਆ ਗਿਆ, ਜਿਸ ਵਿਚ ਸ੍ਰੀ ਆਖੰਠ ਪਾਠ ਦੀ ਸੇਵਾ ਸ. ਬਲਦੇਵ ਸਿੰਘ ਕਾਲਰੂ ਦੇ ਪਰਿਵਾਰ ਵਲੋਂ ਕਰਵਾਈ ਗਈ ਜਦ ਕਿ ਅਪ੍ਰੀਲੀਆ ਤੇ ਚੜ੍ਹਦੀ ਕਲਾ ਸਪੋਰਟਸ ਕਲੱਬ ਵਲੋਂ ਆਈਆਂ ਸੰਗਤਾਂ ਦੀ ਸੇਵਾ 'ਚ ਵੱਖ-ਵੱਖ ਪਦਾਰਥਾਂ ਦੇ ਸਟਾਲ ਲਗਾਏ ਗਏ ਸਨ। ਭਾਈ ਦਲਬੀਰ ਸਿੰਘ ਵਲੋਂ ਸਮਾਪਤੀ ਅਰਦਾਸ ਉਪਰੰਤ ਵਿਚਾਰ ਸਾਂਝੇ ਪੇਸ਼ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਰਭ ਸਾਂਝੀ ਵਾਲਤਾ ਦਾ ਉਪਦੇਸ਼ ਘਰ-ਘਰ ਤੱਕ ਪਹੁੰਚਾਉਣਾ ਚਾਹੀਦਾ ਹੈ ।