ਮੋਟਾਪੇ ਲਈ ਜ਼ਿੰਮੇਵਾਰ ਜੀਨ ਦੀ ਹੋਈ ਪਛਾਣ

02/20/2019 10:21:09 PM

ਵਾਸ਼ਿੰਗਟਨ— ਮੋਟਾਪੇ ਦੀ ਸਮੱਸਿਆ ਤੋਂ ਦੁਨੀਆ ਭਰ 'ਚ ਲੋਕ ਪ੍ਰੇਸ਼ਾਨ ਹਨ। ਮੋਟਾਪਾ ਸਿਰਫ ਵਿਕਸਿਤ ਦੇਸ਼ਾਂ ਦੀ ਸਮੱਸਿਆ ਨਹੀਂ ਰਹਿ ਗਿਆ ਹੈ, ਵਿਕਾਸਸ਼ੀਲ ਦੇਸ਼ਾਂ 'ਚ ਰਹਿਣ ਵਾਲੇ ਲੋਕ ਵੀ ਮੋਟਾਪੇ ਤੋਂ ਪੀੜਤ ਹੋਣ ਲੱਗੇ ਹਨ। ਹੁਣ ਤੱਕ ਇਸ ਦੇ ਕਈ ਕਾਰਨਾਂ ਦਾ ਅਨੁਮਾਨ ਲਾਇਆ ਜਾਂਦਾ ਰਿਹਾ ਹੈ ਪਰ ਹਾਲ ਹੀ 'ਚ ਅਮਰੀਕਾ 'ਚ ਹੋਈ ਖੋਜ 'ਚ ਖੋਜਕਾਰਾਂ ਨੇ ਅਜਿਹੇ ਜੀਨਸ ਦਾ ਪਤਾ ਲਾਇਆ ਹੈ, ਜਿਨ੍ਹਾਂ ਨੂੰ ਮੋਟਾਪੇ ਲਈ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ।

ਜੀਨਸ ਤੈਅ ਕਰਦੇ ਹਨ ਕੌਣ ਹੋਵੇਗਾ ਮੋਟਾ
ਵੱਖ-ਵੱਖ ਪ੍ਰਾਣੀਆਂ 'ਤੇ ਕੀਤੇ ਪ੍ਰਯੋਗਾਂ ਤੋਂ ਬਾਅਦ ਅਮਰੀਕਾ ਦੀ ਨਾਰਥ ਕੈਰੋਲਿਨਾ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਅਜਿਹੇ ਜੀਨਸ ਦਾ ਪਤਾ ਲਾਇਆ ਹੈ, ਜੋ ਮਨੁੱਖਾਂ ਦੇ ਸਰੀਰ ਦੇ ਆਕਾਰ, ਆਕ੍ਰਿਤੀ, ਉਚਾਈ ਅਤੇ ਮੋਟਾਪੇ ਨੂੰ ਪ੍ਰਭਾਵਿਤ ਕਰਦੇ ਹਨ। ਖੋਜ 'ਚ ਮਿਲੇ ਨਤੀਜਿਆਂ ਤੋਂ ਇਹ ਸਮਝਣ 'ਚ ਮਦਦ ਮਿਲੇਗੀ ਕਿ ਜੀਨਸ ਕਿਸ ਤਰ੍ਹਾਂ ਇਹ ਪਹਿਲਾਂ ਤੋਂ ਤੈਅ ਕਰ ਦਿੰਦੇ ਹਨ ਕਿ ਇਹ ਵਿਅਕਤੀ ਮੋਟਾ ਹੋਵੇਗਾ।

ਜਨਰਲ ਨੇਚਰ ਜੈਨੇਟਿਕਸ 'ਚ ਛਪੀ ਇਸ ਸਟੱਡੀ 'ਚ ਖੋਜਕਾਰਾਂ ਨੇ ਕ੍ਰੋਮੋਸੋਮ 'ਤੇ 24 ਕੋਡਿੰਗ ਜੀਨਸ ਦਾ ਪਤਾ ਲਾਇਆ। ਇਨ੍ਹਾਂ 'ਚੋਂ 15 ਨਾਰਮਲ ਸਨ ਜਦੋਂਕਿ 9 ਦੁਰਲੱਭ। ਇਹ ਕਮਰ ਅਤੇ ਚੂਲੇ ਦੇ ਆਕਾਰ ਦੇ ਅਨੁਪਾਤ ਨੂੰ ਸਮੇਂ ਤੋਂ ਪਹਿਲਾਂ ਨਿਰਧਾਰਤ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਿਨ੍ਹਾਂ ਲੋਕਾਂ 'ਚ ਕਮਰ ਅਤੇ ਚੂਲੇ ਦਾ ਅਨੁਪਾਤ ਜ਼ਿਆਦਾ ਹੁੰਦਾ ਹੈ, ਉਨ੍ਹਾਂ 'ਚ ਮੋਟਾਪੇ ਨਾਲ ਜੁੜੀਆਂ ਬੀਮਾਰੀਆਂ ਤੋਂ ਪੀੜਤ ਹੋਣ ਦਾ ਖਦਸ਼ਾ ਜ਼ਿਆਦਾ ਰਹਿੰਦਾ ਹੈ।

ਟਾਈਪ 2 ਡਾਇਬਟੀਜ਼ ਦਾ ਇਲਾਜ ਲੱਭਣ 'ਚ ਮਿਲੇਗੀ ਮਦਦ
ਖੋਜ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੈਰੀ ਈ ਨਾਰਥ ਦਾ ਕਹਿਣਾ ਸੀ ਕਿ ਪਹਿਲੀ ਵਾਰ ਸਾਨੂੰ ਇਹ ਜਾਣਨ ਦਾ ਮੌਕਾ ਮਿਲਿਆ ਹੈ ਕਿ ਕਿਸ ਤਰ੍ਹਾਂ ਜੀਨਸ ਸਰੀਰ 'ਚ ਫੈਟ ਦੇ ਫੈਲਾਅ ਨੂੰ ਪ੍ਰਭਾਵਿਤ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਨੂੰ ਸਮਝਣ ਤੋਂ ਬਾਅਦ ਅਸੀਂ ਮੋਟਾਪਾ ਅਤੇ ਉਸ ਨਾਲ ਜੁੜੀਆਂ ਬੀਮਾਰੀਆਂ ਦੇ ਜ਼ਿਆਦਾ ਪ੍ਰਭਾਵਸ਼ਾਲੀ ਇਲਾਜ ਲੱਭਣ 'ਚ ਸਫਲ ਹੋਵਾਂਗੇ ਖਾਸ ਕਰਕੇ ਟਾਈਪ 2 ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ।

ਖੋਜ 'ਚ ਅਜਿਹੇ ਜੈਨੇਟਿਕ ਪਾਥਵੇਜ ਅਤੇ ਜੀਨਸ ਸੈੱਟ ਬਾਰੇ ਪਤਾ ਲੱਗਾ, ਜੋ ਨਾ ਸਿਰਫ ਜੀਵਾਂ 'ਚ ਮੈਟਾਬਾਲਿਜ਼ਮ ਨੂੰ ਪ੍ਰਭਾਵਿਤ ਕਰਦੇ ਹਨ ਸਗੋਂ ਸਰੀਰ 'ਚ ਫੈਟ ਟਿਸ਼ੂ ਦੀ ਵੰਡ, ਬੋਨ ਗ੍ਰੋਥ ਅਤੇ ਐਡੀਪੋਨੇਟਕਿਨ ਨਾਂ ਦੇ ਹਾਰਮੋਨ ਨੂੰ ਕੰਟਰੋਲ ਕਰਦੇ ਹਨ। ਇਹ ਹਾਰਮੋਨ ਗਲੂਕੋਜ਼ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ। ਦੂਜੇ ਜੀਵਾਂ 'ਤੇ ਕੀਤੇ ਗਏ ਪ੍ਰਯੋਗਾਂ ਰਾਹੀਂ ਇਸ ਟੀਮ ਨੂੰ ਦੋ ਅਜਿਹੇ ਜੀਨ ਦੀ ਵੀ ਜਾਣਕਾਰੀ ਮਿਲੀ, ਜੋ ਸਰੀਰ 'ਚ ਟ੍ਰਾਈਗਿਲਸਰਾਈਡ ਅਤੇ ਬਾਡੀ ਫੈਟ 'ਚ ਜ਼ਿਕਰਯੋਗ ਵਾਧੇ ਨਾਲ ਸਬੰਧਤ ਹਨ।

Baljit Singh

This news is Content Editor Baljit Singh