''ਓਬਾਮਾ ਨੇ ਅਮਰੀਕਾ-ਰੂਸ ਦੇ ਸਬੰਧਾਂ ''ਚ ਲਗਾ ਦਿੱਤਾ ਸੀ ਟਾਈਮ ਬੰਬ''

09/24/2017 6:44:56 AM

ਸੰਯੁਕਤ ਰਾਸ਼ਟਰ— ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਅਮਰੀਕੀ ਅਧਿਕਾਰੀ ਅਜਿਹਾ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੇ ਜਿਸ ਤੋਂ ਇਹ ਸਾਬਿਤ ਹੁੰਦਾ ਹੋਵੇ ਕਿ ਰਾਸ਼ਟਰਪਤੀ ਦੀ ਚੋਣ 'ਚ ਮਾਸਕੋ ਦੀ ਕੋਈ ਭੂਮਿਕਾ ਸੀ। ਲਾਵਰੋਵ ਨੇ ਕਿਹਾ ਕਿ ਅਮਰੀਕਾ ਅਤੇ ਰੂਸ ਦੇ ਸਬੰਧਾਂ ਨੂੰ ਖਰਾਬ ਕਰਨ ਲਈ ਇਹ ਦੋਸ਼ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਨੇ ਘੜੇ ਸਨ। 
ਸੰਯੁਕਤ ਰਾਸ਼ਟਰ 'ਚ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ''ਉਨ੍ਹਾਂ (ਓਬਾਮਾ) ਨੇ ਅਮਰੀਕਾ ਅਤੇ ਰੂਸ ਦੇ ਸਬੰਧਾਂ ਵਿਚ ਇਹ ਟਾਈਮ ਬੰਬ ਲਗਾ ਦਿੱਤਾ ਸੀ। ਮੈਨੂੰ ਨੋਬਲ ਪੁਰਸਕਾਰ ਜੇਤੂ ਤੋਂ ਅਜਿਹੀ ਆਸ ਨਹੀਂ ਸੀ।'' ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੂੰ ਅਜਿਹੇ ਸਬੂਤ ਮੁਹੱਈਆ ਕਰਵਾਉਣ ਲਈ ਕਿਹਾ ਸੀ, ਜੋ ਸਾਬਿਤ ਕਰਦੇ ਸਨ ਕਿ ਰੂਸ ਨੇ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਨੂੰ ਚੁੱਪ-ਚੁਪੀਤੇ ਢੰਗ ਨਾਲ ਸਮਰਥਨ ਦਿੱਤਾ ਸੀ। ਲਾਵਰੋਵ ਨੇ ਕਿਹਾ ਸੀ ਕਿ ਟਿਲਰਸਨ ਨੇ ਆਪਣੇ ਜਵਾਬ ਵਿਚ ਕਿਹਾ ਸੀ ਕਿ ਉਹ ਸਬੂਤ ਖੁਫੀਆ ਜਾਂਚ ਦਾ ਹਿੱਸਾ ਹਨ।