ਪ੍ਰਮਾਣੂ ਸਮਝੌਤੇ ਦੇ ਬਾਰੇ 'ਚ ਟਰੰਪ ਦੇ ਫੈਸਲੇ ਦੀ ਜਾਣਕਾਰੀ ਨਹੀਂ: ਮੈਕਰੋਨ

05/02/2018 1:47:37 PM

ਸਿਡਨੀ— ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਨਾਲ ਹੋਏ 2015 ਦੇ ਪ੍ਰਮਾਣੂ ਸਮਝੌਤੇ ਨੂੰ ਬਰਕਰਾਰ ਰੱਖਣਗੇ। ਜ਼ਿਆਦਾਤਰ ਪੱਛਮੀ ਦੇਸ਼ਾਂ ਦਾ ਮੰਨਣਾ ਹੈ ਕਿ ਇਸ ਸਮਝੌਤੇ ਤੋਂ ਜੇਕਰ ਅਮਰੀਕਾ ਖੁਦ ਨੂੰ ਪਿੱਛੇ ਹਟਾ ਲੈਂਦਾ ਹੈ ਤਾਂ ਇਹ ਈਰਾਨ 'ਤੇ ਦਬਾਅ ਬਣਾਉਣ ਦੀ ਚੰਗੀ ਰਣਨੀਤੀ ਸਾਬਤ ਹੋਵੇਗੀ। ਮੈਕਰੋਨ ਨੇ ਆਸਟ੍ਰੇਲੀਆਈ ਪੀ. ਐਮ ਮੈਲਕਮ ਟਰਨਬੁੱਲ ਨਾਲ ਗੱਲਬਾਤ ਤੋਂ ਬਾਅਦ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ, ਮੈਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ 12 ਮਈ ਨੂੰ ਟਰੰਪ ਕੀ ਫੈਸਲਾ ਲੈਣਗੇ।'
ਉਨ੍ਹਾਂ ਪਿਛਲੇ ਹਫਤੇ ਵਾਸ਼ਿੰਗਟਨ ਵਿਚ ਅਮਰੀਕੀ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਕਿ ਉਹ ਇਸ ਸਮਝੌਤੇ ਨੂੰ ਬਰਕਰਾਰ ਰੱਖਣ। ਉਨ੍ਹਾਂ ਨੇ ਮੰਗਲਵਾਰ ਨੂੰ ਪੈਰਿਸ ਵਿਚ ਅੰਤਰਰਾਸ਼ਟਰੀ ਮਜਦੂਰ ਦਿਵਸ 'ਤੇ ਕੱਢੀ ਗਈ ਰੈਲੀ ਵਿਚ ਹੋਏ ਦੰਗਿਆਂ ਦੀ ਆਲੋਚਨਾ ਵੀ ਕੀਤੀ ਹੈ। ਉਨ੍ਹਾਂ ਦੀ ਆਰਥਿਕ ਸੁਧਾਰਾਂ ਦੀ ਨੀਤੀ ਤੋਂ ਨਾਰਾਜ਼ ਹੋ ਕੇ ਕੁੱਝ ਸ਼ਰਾਰਤੀ ਤੱਤਾਂ ਨੇ ਕੱਲ ਇਸ ਰੈਲੀ ਦੌਰਾਨ ਕਾਫੀ ਦੰਗੇ ਕੀਤੇ। ਪੁਲਸ ਨੇ ਇਸ ਮਾਮਲੇ ਵਿਚ 200 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।