ਇੰਸ਼ੋਰੈਂਸ ਕਲੇਮ ਵਧਣ ਨਾਲ ਆਸਟ੍ਰੇਲੀਆ ਨੂੰ ਪੰਜ ਮਹੀਨਿਆਂ ''ਚ ਲੱਗਾ ਤਕੜਾ ਝਟਕਾ

02/10/2020 2:02:23 PM

ਸਿਡਨੀ— ਆਸਟ੍ਰੇਲੀਆ 'ਚ ਪਿਛਲੇ 5 ਮਹੀਨਿਆਂ ਤੋਂ ਸੋਕਾ, ਜੰਗਲੀ ਅੱਗ, ਭਾਰੀ ਮੀਂਹ, ਹੜ੍ਹ ਅਤੇ ਹੁਣ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਇਸ ਕਾਰਨ ਹੋਣ ਵਾਲੇ ਨੁਕਸਾਨ ਨੂੰ ਭਰਨ ਲਈ ਲੋਕ ਇੰਸ਼ੋਰੈਂਸ ਵਿਭਾਗਾਂ ਦਾ ਰੁਖ਼ ਕਰ ਰਹੇ ਹਨ। ਬੀਤੇ ਦਿਨਾਂ ਤੋਂ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ 'ਚ ਆਏ ਤੂਫਾਨ ਕਾਰਨ ਕਾਫੀ ਨੁਕਸਾਨ ਹੋਇਆ ਹੈ। ਸਿਡਨੀ ਬੇਸਿਨ 'ਚ ਪਿਛਲੇ ਦੋ ਦਹਾਕਿਆਂ ਦੀ ਸਭ ਤੋਂ ਵੱਧ ਬਾਰਸ਼ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇੰਸ਼ੋਰੈਂਸ ਕੌਂਸਲ ਆਫ ਆਸਟ੍ਰੇਲਆ ਮੁਤਾਬਕ ਉਨ੍ਹਾਂ ਨੂੰ ਸਵੇਰੇ 7 ਵਜੇ ਤਕ ਕੁਈਨਜ਼ਲੈਂਡ ਅਤੇ ਕੋਸਟਲ ਨਿਊ ਸਾਊਥ ਵੇਲਜ਼ 'ਚ ਪ੍ਰੋਪਟੀ ਨੁਕਸਾਨ ਸਬੰਧੀ 10,000 ਕਲੇਮ ਆ ਚੁੱਕੇ ਹਨ, ਜਿਸ ਦੀ ਰਾਸ਼ੀ ਲਗਭਗ 45 ਮਿਲੀਅਨ ਡਾਲਰ ਬਣਦੀ ਹੈ। ਵਧੇਰੇ ਕਲੇਮ ਕੁਈਨਜ਼ਲੈਂਡ ਅਤੇ ਕੋਸਟਲ ਨਿਊ ਸਾਊਥ ਵੇਲਜ਼ ਤੋਂ ਆਏ ਹਨ, ਜਿੱਥੇ ਤੂਫਾਨ, ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਹੜ੍ਹ ਨੇ ਲੋਕਾਂ ਦੇ ਘਰਾਂ ਤੇ ਦਫਤਰਾਂ ਦਾ ਨੁਕਸਾਨ ਕਰ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਆਇਆ ਤੂਫਾਨ ਵੀ ਕਾਫੀ ਤਬਾਹੀ ਮਚਾਵੇਗਾ।

ਹੁਣ ਤਕ ਕੀਤੇ ਗਏ ਇੰਨੇ ਕਲੇਮ—

  • ਸਤੰਬਰ ਮਹੀਨੇ ਜੰਗਲੀ ਅੱਗ ਕਾਰਨ ਨਿਊ ਸਾਊਥ ਵੇਲਜ਼ ਤੇ ਕੁਈਨਜ਼ਲੈਂਡ 'ਚੋਂ 497 ਕਲੇਮ ਭਰੇ ਗਏ, ਜੋ 37 ਮਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਦਾਅਵਾ ਕਰਦੇ ਹਨ।
  • ਅਕਤੂਬਰ ਮਹੀਨੇ ਨਿਊ ਸਾਊਥ ਵੇਲਜ਼ 'ਚ ਬੁਸ਼ਫਾਇਰ ਕਾਰਨ 255 ਕਲੇਮ ਭਰੇ ਗਏ ਜਿਸ 'ਚ 19 ਮਿਲੀਅਨ ਡਾਲਰ ਦੇ ਨੁਕਸਾਨ ਬਾਰੇ ਦੱਸਿਆ ਗਿਆ।
  • ਨਵੰਬਰ ਤੋਂ ਫਰਵਰੀ ਤਕ 20,000 ਕਲੇਮ ਭਰੇ ਗਏ ਜਿਸ 'ਚ 1.65 ਬਿਲੀਅਨ ਡਾਲਰ ਦੇ ਨੁਕਸਾਨ ਨੂੰ ਰਿਕਾਰਡ ਕੀਤਾ ਗਿਆ। ਇਹ ਕਲੇਮ ਬੁਸ਼ਫਾਇਰ ਨਾਲ ਜੂਝ ਰਹੇ ਕੁਈਨਜ਼ਲੈਂਡ,  ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਸਾਊਥ ਆਸਟ੍ਰੇਲੀਆ ਵਲੋਂ ਆਏ ਸਨ।
  • ਨਵੰਬਰ ਮਹੀਨੇ ਕੁਈਨਜ਼ਲੈਂਡ 'ਚ ਗੜੇ ਪੈਣ ਕਾਰਨ 22,000 ਕਲੇਮ ਭਰੇ ਗਏ ਜੋ 166 ਮਿਲੀਅਨ ਡਾਲਰ ਦੇ ਨੁਕਸਾਨ ਦਾ ਦਾਅਵਾ ਕਰਦੇ ਹਨ।
  • ਜਨਵਰੀ 'ਚ ਆਸਟ੍ਰੇਲੀਅਨ ਕੈਪੀਟਲ ਟੈਰੇਟਰੀ, ਵਿਕਟੋਰੀਆ, ਨਿਊ ਸਾਊਥ ਵੇਲਜ਼ 'ਚ 638 ਮਿਲੀਅਨ ਡਾਲਰ ਦੇ ਨੁਕਸਾਨ ਦੇ 69,850 ਕਲੇਮ ਆਏ।