ਅਮਰੀਕਾ 'ਚ ਫੜੇ ਗਏ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਇਨ੍ਹਾਂ ਨੰਬਰਾਂ 'ਤੇ ਕਰੋ ਸੰਪਰਕ

02/02/2019 11:44:59 AM

ਵਾਸ਼ਿੰਗਟਨ(ਭਾਸ਼ਾ)— ਅਮਰੀਕਾ 'ਚ ਭਾਰਤੀ ਅੰਬੈਸੀ ਨੇ 'ਪੇਅ ਐਂਡ ਸਟੇਅ' ਯੂਨੀਵਰਸਿਟੀ ਵੀਜ਼ਾ ਘੋਟਾਲੇ 'ਚ ਅਮਰੀਕੀ ਅਧਿਕਾਰੀਆਂ ਵਲੋਂ ਹਿਰਾਸਤ 'ਚ ਲਏ ਗਏ 129 ਭਾਰਤੀ ਵਿਦਿਆਰਥੀਆਂ ਦੀ ਮਦਦ ਲਈ 24/ 7 ਹੌਟਲਾਈਨ ਸ਼ੁਰੂ ਕੀਤੀ ਹੈ। ਭਾਵ ਹਫਤੇ ਦੇ ਪੂਰੇ 7 ਦਿਨ ਅਤੇ ਦਿਨ ਦੇ ਪੂਰੇ 24 ਘੰਟਿਆਂ ਦੌਰਾਨ ਇਹ ਸੇਵਾਵਾਂ ਜਾਰੀ ਰਹਿਣਗੀਆਂ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਬਣੇ ਰਹਿਣ ਲਈ ਇਕ ਫਰਜ਼ੀ ਯੂਨੀਵਰਸਿਟੀ 'ਚ ਦਾਖਲਾ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ 130 ਵਿਦੇਸ਼ੀ ਵਿਦਿਆਰਥੀਆਂ 'ਚੋਂ 129 ਭਾਰਤੀ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤੀ ਅੰਬੈਸੀ ਦੇ ਦੋ ਉੱਚ ਅਧਿਕਾਰੀ ਦੋ ਨੰਬਰਾਂ 202-322-1190 ਅਤੇ 202-340-2590 'ਤੇ 24 ਘੰਟੇ ਉਪਲੱਬਧ ਰਹਿਣਗੇ।
ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਵਿਦਿਆਰਥੀ, ਉਨ੍ਹਾਂ ਦੇ ਸਾਥੀ ਅਤੇ ਪਰਿਵਾਰ ਦੇ ਮੈਂਬਰ ਅੰਬੈਸੀ ਨਾਲ ਸੰਪਰਕ ਕਰ ਸਕਦੇ ਹਨ। ਭਾਰਤੀ ਅੰਬੈਸੀ ਨੇ ਭਾਰਤੀਆਂ ਵਲੋਂ ਚਲਾਏ ਜਾ ਰਹੇ 'ਪੇਅ ਐਂਡ ਸਟੇਅ' ਗਿਰੋਹ ਦਾ ਭਾਂਡਾ ਭੱਜਣ ਕਾਰਨ ਪ੍ਰਭਾਵਿਤ ਹੋਏ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਇਕ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ। ਇਸ ਘਟਨਾ 'ਚ ਘੱਟ ਤੋਂ ਘੱਟ 600 ਵਿਦਿਆਰਥੀ ਮੁਸੀਬਤ 'ਚ ਫਸ ਗਏ ਹਨ। ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਬਾਰਡਰ ਟੈਕਸ ਪਰਿਵਰਤਨ ਵਿਭਾਗ ਨੇ ਵੀਰਵਾਰ ਤਕ ਗ੍ਰੇਟਰ ਡੇਟ੍ਰਾਇਟ ਇਲਾਕੇ 'ਚ ਫਰਮਿੰਗਟਨ ਯੂਨੀਵਰਸਿਟੀ ਤੋਂ 130 ਵਿਦਿਆਰਥੀ ਹਿਰਾਸਤ 'ਚ ਲਏ।

 

ਭਾਰਤੀ ਅੰਬੈਸੀ ਨੇ ਸ਼ੁੱਕਰਵਾਰ ਨੂੰ ਕਿਹਾ,''ਭਾਰਤੀ ਅੰਬੈਸੀ ਵਾਸ਼ਿੰਗਟਨ ਅਤੇ ਅਮਰੀਕਾ ਦੀਆਂ ਸਾਰੀਆਂ 5 ਅੰਬੈਸੀਆਂ ਦੇ ਅਧਿਕਾਰੀ ਗ੍ਰਿਫਤਾਰ ਹੋਏ ਵਿਦਿਆਰਥੀਆਂ ਦੀ ਮਿਲ ਕੇ ਮਦਦ ਕਰ ਰਹੇ ਹਨ। ਹਿਊਸਟਨ 'ਚ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਨੇ ਟੈਕਸਾਸ 'ਚ ਹਿਰਾਸਤ ਕੇਂਦਰ 'ਚ ਗ੍ਰਿਫਤਾਰ ਭਾਰਤੀ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਭਾਰਤੀ ਅੰਬੈਸੀ ਅਤੇ ਉਸ ਦੇ ਕੌਂਸਲੇਟ ਦੇ ਅਧਿਕਾਰਕੀਆਂ ਦੀ ਦਖਲ ਨਾਲ ਕੁਝ ਵਿਦਿਆਰਥੀਆਂ ਨੂੰ ਰਿਹਾਅ ਕਰਵਾਇਆ ਗਿਆ ਹੈ। ਗ੍ਰਿਫਤਾਰ ਭਾਰਤੀ ਵਿਦਿਆਰਥੀਆਂ ਦੇ ਕੁਝ ਦੋਸਤ ਤੇ ਪਰਿਵਾਰ ਵਾਲੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਟਵਿੱਟਰ 'ਤੇ ਮਦਦ ਮੰਗ ਕਰ ਰਹੇ ਹਨ। ਮਾਧੁਰੀ ਨਾਂ ਦੀ ਔਰਤ ਨੇ ਟਵਿੱਟਰ 'ਤੇ ਸਵਰਾਜ ਨੂੰ ਕਿਹਾ,''ਮੈਡਮ, ਫਰਜ਼ੀ ਯੂਨੀਵਰਿਸਟੀ ਮਾਮਲੇ 'ਚ ਮੇਰੇ ਪਤੀ ਨੂੰ ਅੱਜ ਸਵੇਰੇ ਹਿਰਾਸਤ 'ਚ ਲਿਆ ਗਿਆ ਹੈ ਅਤੇ ਮੈਨੂੰ ਉਨ੍ਹਾਂ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ।''
ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਭਾਰਤੀ ਅੰਬੈਸੀ ਨੇ ਉਨ੍ਹਾਂ ਦੇ ਪਤੀ ਦੀ ਜਾਣਕਾਰੀ ਮੰਗੀ। ਉਨ੍ਹਾਂ ਦੇ ਪਤੀ ਫਰਜ਼ੀ ਯੂਨੀਵਰਸਿਟੀ 'ਚ ਇਕ ਵਿਦਿਆਰਥੀ ਸਨ। ਨਵੀਂ ਦਿੱਲੀ 'ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ,''ਸਾਨੂੰ ਇਸ ਘਟਨਾ ਦੀ ਜਾਣਕਾਰੀ ਹੈ। ਅਸੀਂ ਵਾਸ਼ਿੰਗਟਨ ਅਤੇ ਅਮਰੀਕਾ 'ਚ ਵੱਖ-ਵੱਖ ਕੌਂਸਲੇਟਸ ਤੋਂ ਜਾਣਕਾਰੀਆਂ ਲੈ ਰਹੇ ਹਾਂ। ਅਸੀਂ ਇਸ ਘਟਨਾ ਨਾਲ ਪ੍ਰਭਾਵਿਤ ਭਾਰਤੀ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਨ ਲਈ ਅਮਰੀਕਾ 'ਚ ਭਾਰਤੀ ਦੂਤਘਰ ਦੇ ਸੰਗਠਨਾਂ ਨੂੰ ਵੀ ਸੂਚਿਤ ਕੀਤਾ ਹੈ।''