ਹੁਣ ਭਾਰਤੀ ਯਾਤਰੀਆਂ ਦੀ ਅਮਰੀਕਾ ''ਚ ਹੋਵੇਗੀ ਆਸਾਨੀ ਨਾਲ ਐਂਟਰੀ

06/27/2017 6:08:22 PM


ਵਾਸ਼ਿੰਗਟਨ— ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਹੁਣ ਉੱਥੇ ਪਹੁੰਚਣ ਤੋਂ ਬਾਅਦ ਐਂਟਰੀ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੋਵੇਗੀ ਅਤੇ ਉਹ ਆਸਾਨੀ ਨਾਲ ਇੱਥੇ ਐਂਟਰੀ ਕਰ ਸਕਣਗੇ। ਇਸ ਦਾ ਕਾਰਨ ਭਾਰਤ ਦਾ ਅਮਰੀਕੀ ਪਹਿਲ ਵਾਲੇ ਪ੍ਰੋਗਰਾਮ ਵਿਚ ਰਸਮੀ ਰੂਪ ਨਾਲ ਸ਼ਾਮਲ ਹੋਣਾ ਹੈ। ਹਾਲਾਂਕਿ ਇਸ 'ਚ ਉਹ ਹੀ ਯਾਤਰੀ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਇੰਟਰਨੈਸ਼ਨਲ ਐਕਸੀਪੇਡੈਟ ਟਰੈਵਲਰ ਇਨੀਸ਼ਿਏਟਿਵ (ਗਲੋਬਲ ਐਂਟਰੀ ਪ੍ਰੋਗਰਾਮ) 'ਚ ਦਾਖਲ ਹੋਣ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਅਤੇ ਅਮਰੀਕੀ ਨਾਗਰਿਕਾਂ ਵਿਚਾਲੇ ਵਪਾਰ ਅਤੇ ਸਿੱਖਿਅਕ ਸੰੰਬੰਧਾਂ ਨੂੰ ਆਸਾਨ ਬਣਾਏਗਾ। 
ਭਾਰਤ ਜਿਸ ਪ੍ਰੋਗਰਾਮ ਨਾਲ ਜੁੜਿਆ ਹੈ, ਸਵਿਟਜ਼ਰਲੈਂਡ ਅਤੇ ਬ੍ਰਿਟੇਨ ਉਸ ਨਾਲ ਪਹਿਲਾ ਤੋਂ ਹੀ ਜੁੜੇ ਹਨ। ਗਲੋਬਲ ਐਂਟਰੀ ਅਮਰੀਕੀ ਕਸਟਮ ਅਤੇ ਬੋਰਡ ਪ੍ਰੋਟੈਕਸ਼ਨ (ਸੀ. ਬੀ. ਪੀ.) ਪ੍ਰੋਗਰਾਮ ਦਾ ਹਿੱਸਾ ਹੈ, ਜੋ ਕਿ ਅਮਰੀਕਾ ਪਹੁੰਚਣ ਵਾਲੇ ਭਾਰਤੀਆਂ ਨੂੰ ਛੇਤੀ ਐਂਟਰੀ ਦੀ ਆਗਿਆ ਦਿੰਦਾ ਹੈ। ਇਸ ਦਾ ਲਾਭ ਉਨ੍ਹਾਂ ਨਾਗਰਿਕਾਂ ਨੂੰ ਮਿਲੇਗਾ, ਜਿਨ੍ਹਾਂ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੈ।
ਚੁਣੇ ਹੋਏ ਹਵਾਈ ਅੱਡਿਆਂ 'ਤੇ ਪਹੁੰਚਣ ਤੋਂ ਬਾਅਦ ਪ੍ਰੋਗਰਾਮ ਨਾਲ ਜੁੜੇ ਮੈਂਬਰਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਇਮੀਗ੍ਰੇਸ਼ਨ ਮਨਜ਼ੂਰੀ ਲਈ ਕਤਾਰ 'ਚ ਲੱਗਣ ਦੀ ਬਜਾਏ 'ਆਟੋਮੈਟਿਕ ਕਿਓਸਕ' ਦੀ ਵਰਤੋਂ ਦੀ ਆਗਿਆ ਹੋਵੇਗੀ ਅਤੇ ਉਹ ਉਸ ਦੇ ਜ਼ਰੀਏ ਅਮਰੀਕਾ ਵਿਚ ਐਂਟਰੀ ਕਰ ਸਕਣਗੇ। ਇਸ ਸਹੂਲਤ ਲਈ ਜਿਨ੍ਹਾਂ ਹਵਾਈ ਅੱਡਿਆਂ ਦੀ ਚੋਣ ਕੀਤੀ ਗਈ ਹੈ, ਉਸ 'ਚ ਨਿਊਯਾਰਕ, ਨੇਵਾਰਕ, ਵਾਸ਼ਿੰਗਟਨ, ਆਸਟਿਨ, ਡੱਲਾਸ, ਹਿਊਸਟਨ, ਬੋਸਟਨ, ਸ਼ਿਕਾਗੋ, ਸੈਨ ਫਰਾਂਸਿਸਕੋ, ਲਾਸ ਏਂਜਲਸ, ਲਾਸ ਵੇਗਾਸ, ਮਿਆਮੀ ਅਤੇ ਸਿਏਟਲ ਸ਼ਾਮਲ ਹਨ। ਅਮਰੀਕੀ ਹਵਾਈ ਅੱਡਿਆਂ ਤੋਂ ਇਲਾਵਾ ਆਇਰਲੈਂਡ 'ਚ ਡਬਲਿਨ, ਕੈਨੇਡਾ 'ਚ ਵੈਨਕੂਵਰ ਤੇ ਟੋਰਾਂਟੋ ਅਤੇ ਆਬੂ ਧਾਬੀ ਵੀ ਸੂਚੀ 'ਚ ਸ਼ਾਮਲ ਹਨ। ਯਾਤਰੀ ਇਨ੍ਹਾਂ ਹਵਾਈ ਅੱਡਿਆਂ 'ਤੇ ਅਮਰੀਕੀ ਇਮੀਗ੍ਰੇਸ਼ਨ ਮਨਜ਼ੂਰੀ ਲੈ ਸਕਦੇ ਹਨ ਅਤੇ ਉਹ ਅਮਰੀਕਾ ਦੀ ਯਾਤਰਾ ਉਂਝ ਹੀ ਕਰ ਸਕਦੇ ਹਨ ਜਿਵੇਂ ਕਿ ਘਰੇਲੂ ਯਾਤਰਾ ਕਰਦੇ ਹਨ। 
ਮੈਂਬਰ ਹਵਾਈ ਅੱਡਿਆਂ 'ਤੇ 'ਗਲੋਬਲ ਐਂਟਰੀ ਕਿਓਸਕ' 'ਤੇ ਪਹੁੰਚਣਗੇ ਅਤੇ ਆਪਣਾ ਮਸ਼ੀਨ ਵਲੋਂ ਪੜ੍ਹਨ ਯੋਗ ਪਾਸਪੋਰਟ ਜਾਂ ਅਮਰੀਕੀ ਸਥਾਈ ਵਾਸੀ ਕਾਰਡ ਪੇਸ਼ ਕਰਨਗੇ, ਉਂਗਲੀ ਦੇ ਨਿਸ਼ਾਨ ਦੇ ਵੈਰੀਫੀਕੇਸ਼ਨ ਲਈ ਕਿਓਸਕ 'ਤੇ ਉਂਗਲੀ ਲਾਉਣਗੇ ਅਤੇ ਕਸਟਮ ਪ੍ਰਕਿਰਿਆ ਪੂਰੀ ਕਰਨਗੇ। ਉਸ ਤੋਂ ਬਾਅਦ ਕਿਓਸਕ ਯਾਤਰੀ ਨੂੰ ਰਸੀਦ ਜਾਰੀ ਕਰੇਗਾ ਅਤੇ ਸਾਮਾਨ ਦੇ ਦਾਅਵੇ ਅਤੇ ਬਾਹਰ ਨਿਕਲਣ ਦਾ ਨਿਰਦੇਸ਼ ਦੇਵੇਗਾ।
ਸੀ. ਬੀ. ਪੀ. ਦੀ ਵੈੱਬਸਾਈਟ ਮੁਤਾਬਕ ਇਸ ਲਈ ਯਾਤਰੀਆਂ ਨੂੰ ਗਲੋਬਲ ਐਂਟਰੀ ਪ੍ਰੋਗਰਾਮ ਲਈ ਪਹਿਲਾਂ ਤੋਂ ਮਨਜ਼ੂਰੀ ਲਈ ਹੋਣੀ ਚਾਹੀਦੀ ਹੈ। ਸਾਰੇ ਬਿਨੈਕਾਰਾਂ ਨੂੰ ਇਸ 'ਚ ਨਾਂ ਦਰਜ ਕਰਾਉਣ ਲਈ ਸਖਤ ਜਾਂਚ ਪ੍ਰਕਿਰਿਆ ਅਤੇ ਇੰਟਰਵਿਊ 'ਚੋਂ ਲੰਘਣਾ ਹੋਵੇਗਾ। ਗਲੋਬਲ ਐਂਟਰੀ ਦਾ ਟੀਚਾ ਯਾਤਰੀਆਂ ਦੇ ਅਮਰੀਕਾ 'ਚ ਐਂਟਰੀ ਨੂੰ ਆਸਾਨ ਬਣਾਉਣਾ ਹੈ ਪਰ ਇਸ ਦੇ ਬਾਵਜੂਦ ਸੰਬੰਧਤ ਮੈਂਬਰਾਂ ਤੋਂ ਅੱਗੇ ਦੀ ਪੁੱਛ-ਗਿੱਛ ਕੀਤੀ ਜਾ ਸਕਦੀ ਹੈ।