ਸ਼ਰੀਫ ਵਿਰੁੱਧ ਨਫਰਤ ਭਰੇ ਭਾਸ਼ਣ ਦਾ ਪ੍ਰਸਾਰਣ ਕਰਨ ''ਤੇ ਪਾਕਿ ਟੀ. ਵੀ. ਚੈਨਲ ਨੂੰ ਨੋਟਿਸ

03/25/2017 4:39:41 PM

ਇਸਲਾਮਾਬਾਦ— ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੀ. ਈ. ਐੱਮ. ਆਰ. ਏ.) ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਇਕ ਬਿਆਨ ਦੀ ਨਿੰਦਾ ਕੀਤੇ ਜਾਣ ''ਤੇ ਇਕ ਨਿਊਜ਼ ਚੈਨਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਚੈਨਲ ਨੂੰ 31 ਮਾਰਚ ਤੱਕ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਹੈ। 
ਜਾਣਕਾਰੀ ਮੁਤਾਬਕ ਬੀਤੇ ਵੀਰਵਾਰ ਨੂੰ ਇਕ ਪ੍ਰੋਗਰਾਮ ''ਚ ਮਹਿਮਾਨ ਸਪੀਕਰ ਨੇ ਸ਼ਰੀਫ ਦੇ ਇਕ ਬਿਆਨ ਦੀ ਨਿੰਦਾ ਕੀਤੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਪ੍ਰੋਗਰਾਮ ਦੇ ਆਯੋਜਕਾਂ ਨੇ ਉਨ੍ਹਾਂ ਨੂੰ ਅਜਿਹਾ ਬਿਆਨ ਦੇਣ ਤੋਂ ਨਾ ਟੋਕਿਆ ਅਤੇ ਨਾ ਹੀ ਰੋਕਿਆ, ਜੋ ਕਿ ਪੀ. ਈ. ਐੱਮ. ਆਰ. ਏ. ਦੇ ਨਿਯਮਾਂ ਦਾ ਉਲੰਘਣ ਹੈ।  ਉਸ ਨੇ ਚੈਨਲ ਨੂੰ ਪੁੱਛਿਆ ਕਿ ਨਫਰਤ ਭਰੇ ਭਾਸ਼ਣ ਦਾ ਪ੍ਰਸਾਰਣ ਕਰਨ ਲਈ ਉਸ ਦੇ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ। 
ਪੀ. ਈ. ਐੱਮ. ਆਰ. ਏ. ਕੋਲ ਚੈਨਲ ਦੇ ਪ੍ਰੋਗਰਾਮ ''ਤੇ ਰੋਕ ਲਾਉਣ, ਉਸ ਦਾ ਲਾਇਸੈਂਸ ਰੱਦ ਕਰਨ ਅਤੇ ਇਸ ਅਪਰਾਧ ਲਈ 10 ਲੱਖ ਰੁਪਏ ਦਾ ਜੁਰਮਾਨ ਲਾਉਣ ਦਾ ਅਧਿਕਾਰ ਹੈ। ਇਸ ਦਰਮਿਆਨ ਉਸ ਨੇ ਰਾਵਲਪਿੰਡੀ ਨੇੜੇ ਇਕ ਜਹਾਜ਼ ਹਾਦਸਾਗ੍ਰਸਤ ਹੋਣ ਨੂੰ ਲੈ ਕੇ ਫਰਜ਼ੀ ਖਬਰ ਪ੍ਰਸਾਰਤ ਕਰਨ ਲਈ 9 ਟੀ. ਵੀ. ਚੈਨਲਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਉਨ੍ਹਾਂ ਨੂੰ 31 ਮਾਰਚ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ''ਜ਼ਰਾ ਹਟ ਕੇ'' ਟਾਕ ਸ਼ੋਅ ਨੂੰ ਰੱਦ ਕਰਨ ਲਈ ਉਸ ਦੇ ਹੁਕਮਾਂ ਦਾ ਪਾਲਣ ਨਾ ਕਰਨ ਲਈ ਡਾਨ ਨਿਊਜ਼ ਟੀ. ਵੀ. ਨੂੰ ਵੱਖ ਤੋਂ ਨੋਟਿਸ ਭੇਜਿਆ ਹੈ। ਸ਼ੋਅ ਦੇ ਆਯੋਜਕਾਂ ਨੇ 9 ਮਾਰਚ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਸ਼ੌਕਤ ਅਜ਼ੀਜ਼ ਸਿੱਦੀਕੀ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ''ਤੇ ਚਰਚਾ ਕੀਤੀ ਸੀ, ਜਦਕਿ ਇਹ ਮਾਮਲਾ ਸੁਪਰੀਮ ਕੋਰਟ ਜੁਡੀਸ਼ੀਅਲ ਕੌਂਸਲ ਦੇ ਵਿਚਾਰ ਅਧੀਨ ਹੈ। ਸੁਪਰੀਮ ਕੋਰਟ ਜੁਡੀਸ਼ੀਅਲ ਕੌਂਸਲ ਉੱਚ ਅਦਾਲਤਾਂ ਦੇ ਜੱਜਾਂ ਵਿਰੁੱਧ ਮਾਮਲਿਆਂ ਨੂੰ ਸੁਣਦੀ ਹੈ। 

Tanu

This news is News Editor Tanu