ਪਾਕਿ ਦੀ ਰਾਜਨੀਤੀ ''ਚ ਵੱਡਾ ਉਲਟਫੇਰ : ਨਵਾਜ਼-ਬਿਲਾਵਲ ਨਹੀਂ, ਇਸ ਨੇਤਾ ਨੂੰ ਮਿਲੀ ਪਾਕਿ PM ਦੀ ਕੁਰਸੀ!

02/14/2024 1:10:48 PM

ਲਾਹੌਰ— ਪਾਕਿਸਤਾਨ 'ਚ ਹੋਈਆਂ ਆਮ ਚੋਣਾਂ ਦੀ ਭਰੋਸੇਯੋਗਤਾ 'ਤੇ ਉੱਠ ਰਹੇ ਸਵਾਲਾਂ ਦਰਮਿਆਨ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਇਸ ਚੋਣ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਹੈ। ਅਜਿਹੇ 'ਚ ਦੇਸ਼ 'ਚ ਪੀਐੱਮਐੱਲ-ਐੱਨ ਦੀ ਅਗਵਾਈ 'ਚ ਗੱਠਜੋੜ ਸਰਕਾਰ ਬਣੇਗੀ। ਪਰ, ਖਾਸ ਗੱਲ ਇਹ ਹੈ ਕਿ ਪੀਐੱਮਐੱਲ-ਐੱਨ ਦੇ ਸਿਖਰਲੇ ਨੇਤਾ ਨਵਾਜ਼ ਸ਼ਰੀਫ਼ ਅਤੇ ਦੂਜੀ ਸਭ ਤੋਂ ਮਹੱਤਵਪੂਰਨ ਪਾਰਟੀ ਪੀਪੀਪੀ ਦੇ ਮੁਖੀ ਬਿਲਾਵਲ ਭੁੱਟੋ ਨੂੰ ਇਹ ਤਾਜ ਨਹੀਂ ਮਿਲ ਰਿਹਾ ਹੈ।
ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੂੰ ਮੰਗਲਵਾਰ ਰਾਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਉਨ੍ਹਾਂ ਦੀ ਪਾਰਟੀ ਨੇ ਨਾਮਜ਼ਦ ਕੀਤਾ ਹੈ। ਪੀਐੱਮਐੱਲ-ਐੱਨ ਦੀ ਬੁਲਾਰਾ ਮਰੀਅਮ ਔਰੰਗਜ਼ੇਬ ਨੇ 'ਐਕਸ' 'ਤੇ ਕਿਹਾ ਕਿ ਪਾਰਟੀ ਸੁਪਰੀਮੋ ਨਵਾਜ਼ ਸ਼ਰੀਫ਼ (74) ਨੇ ਆਪਣੇ ਛੋਟੇ ਭਰਾ ਸ਼ਹਿਬਾਜ਼ ਸ਼ਰੀਫ਼ (72) ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਅਤੇ ਧੀ ਮਰੀਅਮ ਨਵਾਜ਼ (50) ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਲਈ ਨਾਮਜ਼ਦ ਕੀਤਾ ਹੈ।
ਉਨ੍ਹਾਂ ਨੇ ਕਿਹਾ, ''ਨਵਾਜ਼ ਸ਼ਰੀਫ ਨੇ ਪੀ.ਐੱਮ.ਐੱਲ.-ਐੱਨ (ਅਗਲੀ ਸਰਕਾਰ ਬਣਾਉਣ ਲਈ) ਦਾ ਸਮਰਥਨ ਕਰਨ ਵਾਲੀਆਂ ਸਿਆਸੀ ਪਾਰਟੀਆਂ ਦਾ ਧੰਨਵਾਦ ਕੀਤਾ ਹੈ ਅਤੇ ਉਮੀਦ ਜਤਾਈ ਹੈ ਕਿ ਅਜਿਹੇ ਫੈਸਲੇ ਪਾਕਿਸਤਾਨ ਨੂੰ ਸੰਕਟ 'ਚੋਂ ਬਾਹਰ ਕੱਢਣਗੇ।'' ਜੇਲ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਨੂੰ ਛੱਡ ਕੇ ਵੱਡੀਆਂ ਪਾਰਟੀਆਂ ਨੇ ਐਲਾਨ ਕੀਤਾ ਹੈ ਕਿ ਪੀਐੱਮਐੱਲ-ਐੱਨ ਦੀ ਅਗਵਾਈ ਵਿੱਚ ਗੱਠਜੋੜ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਗੇ।

Aarti dhillon

This news is Content Editor Aarti dhillon