ਮੈਟਿਸ ਦੇ ਕੰਮ ਤੋਂ ਨਹੀਂ ਸੀ ਖੁਸ਼, ਇਸ ਲਈ ਹਟਾਇਆ : ਟਰੰਪ

01/03/2019 9:29:47 PM

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਰੱਖਿਆ ਮੰਤਰੀ ਜਿਮ ਮੈਟਿਸ ਨੂੰ ਉਨ੍ਹਾਂ ਨੇ ਸੋਚ ਸਮਝ ਕੇ ਹਟਾਇਆ ਹੈ। ਇਹ ਮੈਟਿਸ ਦੇ ਉਸ ਦਾਅਵੇ ਦੇ ਠੀਕ ਉਲਟ ਹੈ ਕਿ ਉਨ੍ਹਾਂ ਨੇ ਕਈ ਮਾਮਲਿਆਂ 'ਤੇ ਟਰੰਪ ਨਾਲ ਅਸਹਿਮਤੀ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਕੈਬਨਿਟ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਟਰੰਪ ਨੇ ਸਾਬਕਾ ਰੱਖਿਆ ਮੰਤਰੀ 'ਤੇ ਨਿਸ਼ਾਨਾ ਵਿੰਨ੍ਹਿਆ। ਟਰੰਪ ਦੇ ਬਿਆਨ ਸਮੇਂ ਕਾਰਜਕਾਰੀ ਰੱਖਿਆ ਮੰਤਰੀ ਪੈਟ੍ਰਿਕ ਸ਼ੈਨਾਹਨ ਵੀ ਉਨ੍ਹਾਂ ਕੋਲ ਹੀ ਬੈਠੇ ਹੋਏ ਸਨ।
ਅਫਗਾਨਿਸਤਨ 'ਚ ਜਾਰੀ ਸੁਰੱਖਿਆ ਸੰਕਟ ਅਤੇ ਜੰਗ-ਗ੍ਰਸਤ ਦੇਸ਼ 'ਚ ਅਮਰੀਕੀ ਖਰਚਿਆਂ 'ਤੇ ਅਫਸੋਸ ਜ਼ਾਹਿਰ ਕਰਦੇ ਹੋਏ ਟਰੰਪ ਨੇ ਕਿਹਾ ਕਿ ਮੈਟਿਸ ਨੇ ਮੇਰੇ ਲਈ ਕੀ ਕੀਤਾ? ਉਨ੍ਹਾਂ ਨੇ ਅਫਗਾਨਿਸਤਾਨ 'ਚ ਕਿਵੇਂ ਕੰਮ ਕੀਤਾ? ਟਰੰਪ ਨੇ ਆਖਿਆ, 'ਮੈਂ ਅਫਗਾਨਿਸਤਾਨ 'ਚ ਮੈਟਿਸ ਦੇ ਕੰਮ ਤੋਂ ਖੁਸ਼ ਨਹੀਂ ਹਾਂ ਅਤੇ ਨਾ ਹੀ ਖੁਸ਼ ਹੋਣ ਦਾ ਕੋਈ ਕਾਰਨ ਹੈ। ਮੈਂ ਉਨ੍ਹਾਂ ਦੇ ਭਲੇ ਦੀ ਉਮੀਦ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਉਹ ਚੰਗਾ ਕੰਮ ਕਰਨਗੇ ਪਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰਾਸ਼ਟਰਪਤੀ ਓਬਾਮਾ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਸੀ, ਮੈਂ ਵੀ ਅਜਿਹਾ ਹੀ ਕੀਤਾ। ਮੈਂ ਨਤੀਜਾ ਚਾਹੁੰਦਾ ਹਾਂ। ਜ਼ਿਕਰਯੋਗ ਹੈ ਕਿ ਮੈਟਿਸ ਨੇ ਸੀਰੀਆ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਟਰੰਪ ਦੇ ਆਦੇਸ਼ ਤੋਂ ਬਾਅਦ 20 ਦਸੰਬਰ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਪਣੇ ਤਿਆਗ ਪੱਤਰ 'ਚ ਮੈਟਿਸ ਨੇ ਟਰੰਪ ਨਾਲ ਕਈ ਮਾਮਲਿਆਂ 'ਤੇ ਸਹਿਮਤੀ ਨਾ ਹੋਣ ਦੇ ਸੰਕੇਤ ਦਿੱਤੇ ਸਨ।


Related News