ਅੱਤਵਾਦ ਨਾਲ ਨਜਿੱਠਣ ਲਈ ਨਹੀਂ ਹੋ ਰਹੇ ਢੁਕਵੇਂ ਯਤਨ : ਭਾਰਤ

11/06/2019 11:22:16 PM

ਸੰਯੁਕਤ ਰਾਸ਼ਟਰ— ਭਾਰਤ ਨੇ ਕਿਹਾ ਹੈ ਕਿ ਅੱਤਵਾਦ ਦੇ ਮਨੁੱਖੀ ਅਧਿਕਾਰ ਉਲੰਘਣ ਦੇ ਸਭ ਤੋਂ ਮਾੜੇ ਰੂਪ ਵਿਚ ਉਭਰਨ ਦੇ ਬਾਵਜੂਦ ਇਸ ਬੁਰਾਈ ਨਾਲ ਨਜਿੱਠਣ ਦੇ ਢੁਕਵੇਂ ਯਤਨ ਨਹੀਂ ਹੋ ਰਹੇ। 'ਰਿਪੋਰਟ ਆਫ ਦਿ ਹਿਮਊਨ ਰਾਈਟ ਕੌਂਸਲ' 'ਤੇ ਯੂ. ਐੱਨ. ਵਿਚ ਭਾਰਤ ਦੇ ਸਥਾਈ ਉਪ ਪ੍ਰਤੀਨਿਧੀ ਨਾਗਰਾਜ ਨਾਇਡੂ ਨੇ ਬੁੱਧਵਾਰ ਕਿਹਾ ਕਿ ਅੱਤਵਾਦ ਦੇ ਖਾਤਮੇ ਲਈ ਜਿਸ ਤਰ੍ਹਾਂ ਦੇ ਸਮੂਹਿਕ ਯਤਨ ਹੋਣੇ ਚਾਹੀਦੇ ਹਨ, ਉਹ ਨਹੀਂ ਹੋ ਰਹੇ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਸੰਤੁਲਿਤ ਦ੍ਰਿਸ਼ਟੀਕੋਣ ਦਾ ਪੱਖ ਲੈਣ ਬਾਰੇ ਯੂ.ਐੱਨ. ਦੀ ਭੂਮਿਕਾ ਦੀ ਸ਼ਲਾਘਾ ਕਰਦਾ ਹੈ ਪਰ ਸਭ ਦੇਸ਼ਾਂ ਨੂੰ ਅੱਤਵਾਦ ਦੇ ਖਾਤਮੇ ਲਈ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਯੂ. ਐੱਨ. ਦੇ ਮੈਂਬਰ ਦੇਸ਼ਾਂ ਨੂੰ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਹੋਰਨਾਂ ਅਦਾਰਿਆਂ ਵਿਰੁੱਧ ਸਖ਼ਤ ਕਦਮ ਚੁੱਕਣੇ ਚਾਹੇਦੇ ਹਨ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਰਾਹੀਂ ਜੋ ਮਾੜਾ ਪ੍ਰਚਾਰ ਹੋ ਰਿਹਾ ਹੈ, ਨੂੰ ਵੀ ਰੋਕਿਆ ਜਾਣਾ ਚਾਹੀਦਾ ਹੈ। ਭਾਰਤ ਇਸ ਗੱਲ ਵਿਚ ਭਰੋਸਾ ਰੱਖਦਾ ਹੈ ਕਿ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਨੂੰ ਅਲੱਗ-ਥਲੱਗ ਹੋ ਕੇ ਨਹੀਂ ਉਠਾਇਆ ਜਾ ਸਕਦਾ। ਉਨ੍ਹਾਂ ਜੀਵਨ ਰੱਖਿਅਕ ਦਵਾਈਆਂ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਦਾ ਵੀ ਮੁੱਦਾ ਉਠਾਇਆ ਅਤੇ ਕਿਹਾ ਕਿ ਇਸ ਸਬੰਧੀ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਪਾਕਿ ਸਿਆਸੀ ਲਾਭ ਲੈਣ ਲਈ ਅੱਤਵਾਦ ਨੂੰ ਦੇ ਰਿਹੈ ਹੱਲਾਸ਼ੇਰੀ
ਯੂ. ਐੱਨ. 'ਚ ਭਾਰਤ ਦੇ ਸਥਾਈ ਮਿਸ਼ਨ ਦੀ ਫਸਟ ਸੈਕਟਰੀ ਪਾਲੋਮੀ ਤ੍ਰਿਪਾਠੀ ਨੇ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦਾ ਮੁੱਦਾ ਉਠਾਉਣ ਲਈ ਪਾਕਿਸਤਾਨ 'ਤੇ ਵਰ੍ਹਦਿਆਂ ਕਿਹਾ ਕਿ ਉਹ ਆਪਣੇ ਮਾਮੂਲੀ ਸਿਆਸੀ ਲਾਭ ਲਈ ਅੱਤਵਾਦ ਅਤੇ ਵਿਕਾਸ ਵਿਰੋਧੀ ਕੱਟੜ ਵਿਚਾਰਧਾਰਾ ਨੂੰ ਹੱਲਾਸ਼ੇਰੀ ਦਿੰਦਾ ਹੈ ਤੇ ਔਰਤਾਂ ਦੀ ਆਵਾਜ਼ ਨੂੰ ਦਬਾਉਂਦਾ ਹੈ। ਪਾਕਿਸਤਾਨ ਦਾ ਸਿੱਧਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਵਿਚਾਰ ਅਧੀਨ ਏਜੰਡੇ ਤੋਂ ਬਿਨਾਂ ਬੇਬੁਨਿਆਦ ਦੋਸ਼ ਲਾਉਣੇ ਭਾਰਤ ਦੇ ਇਕ ਗੁਆਂਢੀ ਦੇਸ਼ ਦੀ ਆਦਤ ਬਣ ਗਈ ਹੈ। ਭਾਰਤ ਨੂੰ ਭਰੋਸਾ ਹੈ ਕਿ ਯੂ. ਐੱਨ. ਸੁਰੱਖਿਆ ਕੌਂਸਲ ਵਲੋਂ ਉਕਤ ਦੇਸ਼ ਦੇ ਪ੍ਰਤੀਨਿਧੀ ਵਲੋਂ ਕਹੀਆਂ ਵੱਖ-ਵੱਖ ਸ਼ਰਾਰਤੀ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਏਗਾ।

Baljit Singh

This news is Content Editor Baljit Singh