ਉੱਤਰੀ ਆਇਰਲੈਂਡ ਹੋਵੇਗਾ ਛੇ ਹਫਤਿਆਂ ਲਈ ਤਾਲਾਬੰਦ

12/18/2020 2:24:31 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਉੱਤਰੀ ਆਇਰਲੈਂਡ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਵੱਧ ਰਹੇ ਪ੍ਰਸਾਰ ਨੂੰ ਰੋਕਣ ਦੇ ਮੰਤਵ ਨਾਲ ਛੇ ਹਫਤਿਆਂ ਦੀ ਤਾਲਾਬੰਦੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਰਕਾਰ ਵੱਲੋਂ ਮਹਾਮਾਰੀ ਨਾਲ ਨਜਿੱਠਣ ਲਈ ਐਬੂਲੈਂਸ ਸੇਵਾ ਨੂੰ ਮਜ਼ਬੂਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਾਲਾਬੰਦੀ ਸੰਬੰਧੀ ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਛੇ ਹਫ਼ਤਿਆਂ ਦੇ ਬੰਦ ਦਾ ਪ੍ਰਸਤਾਵ ਦਿੱਤਾ ਅਤੇ ਖੇਤਰ ਦੇ ਬਾਹਰ ਦੀਆਂ ਇਕਾਈਆਂ ਨਾਲ ਐਂਬੂਲੈਂਸ ਸੇਵਾ ਨੂੰ ਹੋਰ ਮਜ਼ਬੂਤ ​ਕਰਨ ਦੀ ਯੋਜਨਾ ਨੂੰ ਵੀ ਪ੍ਰਵਾਨਗੀ ਦਿੱਤੀ। 

ਉੱਤਰੀ ਆਇਰਲੈਂਡ ਦੀ ਡਿਪਟੀ ਫਸਟ ਮੰਤਰੀ, ਮਿਸ਼ੇਲ ਓਨਿਲ ਨੇ ਪੁਸ਼ਟੀ ਕੀਤੀ ਇਹ ਤਾਲਾਬੰਦੀ ਬਾਕਸਿੰਗ ਡੇਅ 'ਤੇ ਸ਼ੁਰੂ ਹੋਵੇਗੀ ਅਤੇ ਚਾਰ ਹਫਤਿਆਂ ਬਾਅਦ ਇਸ ਦੀ ਸਮੀਖਿਆ ਵੀ ਕੀਤੀ ਜਾਵੇਗੀ। ਇਸ ਤਾਲਾਬੰਦੀ ਦੌਰਾਨ ਸਾਰੀਆਂ ਗੈਰ-ਜ਼ਰੂਰੀ ਪ੍ਰਚੂਨ ਅਤੇ ਨਜ਼ਦੀਕੀ ਸੰਪਰਕ ਸੇਵਾਵਾਂ ਜਿਵੇਂ ਕਿ ਸੈਲੂਨ ਆਦਿ ਬੰਦ ਹੋਣਗੇ ਜਦਕਿ ਪੱਬ, ਕੈਫੇ ਅਤੇ ਰੈਸਟੋਰੈਂਟਾਂ ਨੂੰ ਟੇਕਵੇਅ ਸੇਵਾਵਾਂ ਤੱਕ ਸੀਮਤ ਕੀਤਾ ਜਾਵੇਗਾ। ਕ੍ਰਿਸਮਸ ਦੇ ਪ੍ਰਬੰਧ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ ਅਤੇ ਓਨਿਲ ਮੁਤਾਬਕ, ਸਕੂਲ ਫਿਲਹਾਲ ਮੰਤਰੀਆਂ ਦੀ ਸਹਿਮਤੀ ਨਾਲ ਖੁੱਲ੍ਹੇ ਹਨ ਪਰ ਸਿਹਤ ਅਤੇ ਸਿੱਖਿਆ ਵਿਭਾਗ ਹੋਰ ਇਸ ਬਾਰੇ ਵਿਚਾਰ ਵਟਾਂਦਰਾ ਕਰਨਗੇ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਮੋਡਰਨਾ ਦੀ ਕੋਰੋਨਾ ਵੈਕਸੀਨ ਨੂੰ ਮਿਲੀ FDA ਦੀ ਮਨਜ਼ੂਰੀ

ਐਬੂਲੈਂਸ ਸੇਵਾ ਨੂੰ ਮਜ਼ਬੂਤ ਕਰਨ ਲਈ ਡਬਲਿਨ ਵਿੱਚ ਅਧਿਕਾਰੀ ਆਇਰਲੈਂਡ ਦੀ ਰਾਸ਼ਟਰੀ ਐਂਬੂਲੈਂਸ ਸੇਵਾ ਤੋਂ ਉੱਤਰੀ ਆਇਰਲੈਂਡ ਦੀ ਐਂਬੂਲੈਂਸ ਸੇਵਾ ਲਈ ਸਹਾਇਤਾ ਲੈਣ ਨੂੰ ਸਹਿਮਤ ਹੋਏ ਹਨ। ਉੱਤਰੀ ਆਇਰਲੈਂਡ ਵਿੱਚ ਸਰਕਾਰ ਦੁਆਰਾ ਤਾਲਾਬੰਦੀ ਦਾ ਇਹ ਫ਼ੈਸਲਾ ਵਾਇਰਸ ਨੂੰ ਕਾਬੂ ਕਰਨ ਲਈ ਲਿਆ ਗਿਆ ਹੈ। ਇਸ ਖੇਤਰ ਵਿੱਚ ਮਹਾਮਾਰੀ ਨਾਲ 12 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 1,154 ਹੋ ਗਈ ਜਦਕਿ 656 ਹੋਰ ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਹਸਪਤਾਲਾਂ ਵਿੱਚ ਵੀ ਸਮਰੱਥਾ ਤੋਂ ਜ਼ਿਆਦਾ ਮਰੀਜ਼ ਹੋਣ ਕਾਰਨ, ਕਈ ਵਾਰੀ ਐਂਬੂਲੈਂਸਾਂ ਨੂੰ ਐਮਰਜੈਂਸੀ ਵਿਭਾਗਾਂ ਦੇ ਬਾਹਰ ਕਈ ਘੰਟਿਆਂ ਲਈ ਕਤਾਰ ਵਿੱਚ ਲੱਗਣਾ ਪੈਂਦਾ ਹੈ ਜਿਸ ਨਾਲ ਮਰੀਜ਼ਾਂ ਨੂੰ ਦਾਖਲ ਹੋਣ ਲਈ ਇੰਤਜ਼ਾਰ ਕਰਨਾ ਪੈਂਦਾ ਹੈ।

Vandana

This news is Content Editor Vandana