ਉੱਤਰੀ ਆਇਰਲੈਂਡ ਨੇ ਕੋਰੋਨਾ ਤਾਲਾਬੰਦੀ ''ਚ 5 ਮਾਰਚ ਤੱਕ ਕੀਤਾ ਵਾਧਾ

01/22/2021 7:51:17 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਉੱਤਰੀ ਆਇਰਲੈਂਡ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਅਤੇ ਮੌਤ ਦਰ ਨੂੰ ਵੇਖਦਿਆਂ ਤਾਲਾਬੰਦੀ ਵਿਚ ਸਰਕਾਰ ਦੀ ਇਕ ਮੀਟਿੰਗ ਤੋਂ ਬਾਅਦ ਵੀਰਵਾਰ ਦੇ ਦਿਨ ਪਹਿਲੀ ਮੰਤਰੀ ਅਰਲਿਨ ਫੋਸਟਰ ਵੱਲੋਂ 5 ਮਾਰਚ ਤੱਕ ਵਾਧੇ ਦਾ ਐਲਾਨ ਕੀਤਾ ਗਿਆ। 

ਇਸ ਖੇਤਰ ਵਿਚ ਕ੍ਰਿਸਮਸ ਤੋਂ ਬਾਅਦ ਹੋਈ ਤਾਲਾਬੰਦੀ ਵਿਚ ਗ਼ੈਰ ਜ਼ਰੂਰੀ ਪ੍ਰਚੂਨ ਸਥਾਨ ਬੰਦ ਹੋਣ ਨਾਲ ਜ਼ਿਆਦਾਤਰ ਵਿਦਿਆਰਥੀਆਂ ਦੇ ਸਕੂਲ ਵੀ ਬੰਦ ਹੋਏ ਹਨ ਅਤੇ ਕਰਮਚਾਰੀਆਂ ਨੂੰ ਵੀ ਘਰ ਤੋਂ ਹੀ ਕੰਮ ਕਰਨ ਲਈ ਕਿਹਾ ਗਿਆ ਹੈ। ਇਸ ਦੇ ਇਲਾਵਾ ਪਰਿਵਾਰਕ ਇਕੱਠ ਕਰਨ ਦੀ ਮਨਾਹੀ ਵੀ ਲਾਗੂ ਕੀਤੀ ਗਈ ਹੈ। ਉੱਤਰੀ ਆਇਰਲੈਂਡ ਵਿਚ ਵੱਧ ਰਹੇ ਕੋਰੋਨਾ ਮਾਮਲੇ ਘਟਾਉਣ ਦੇ ਮੰਤਵ ਨਾਲ ਸਟਰਮੋਂਟ ਦੇ ਸਿਹਤ ਮੰਤਰੀ ਰੌਬਿਨ ਸਵੈਨ ਨੇ ਇਸ ਵਾਧੇ ਦਾ ਪ੍ਰਸਤਾਵ ਦਿੱਤਾ ਸੀ ਅਤੇ ਮੰਤਰੀਆਂ ਦੇ ਇਸ ਕਦਮ ਸੰਬੰਧੀ ਸਹਿਮਤ ਹੋਣ ਤੋਂ ਬਾਅਦ ਇਸ ਵਾਧੇ ਨੂੰ ਲਾਗੂ ਕੀਤਾ ਗਿਆ ਹੈ। 

ਫੋਸਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਇਰਸ ਦੀ ਲਾਗ ਕਾਰਨ ਹਸਪਤਾਲਾਂ ਅਤੇ ਸਿਹਤ ਸਹੂਲਤਾਂ 'ਤੇ ਪ੍ਰਭਾਵ ਪੈਣ ਕਾਰਨ ਇਹ ਕਦਮ ਬਹੁਤ ਜ਼ਰੂਰੀ ਹੈ। ਸਿਹਤ ਵਿਭਾਗ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਉੱਤਰੀ ਆਇਰਲੈਂਡ ਵਿਚ ਵਾਇਰਸ ਦੇ 732 ਨਵੇਂ ਪੁਸ਼ਟੀ ਕੀਤੇ ਮਾਮਲਿਆਂ ਨੂੰ ਦਰਜ ਕੀਤਾ ਗਿਆ ਹੈ ਜਦਕਿ 21 ਹੋਰ ਕੋਰੋਨਾਂ ਪੀੜਤ ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਇਲਾਵਾ ਤਕਰੀਬਨ 806 ਕੋਰੋਨਾ ਪੀੜਤ ਮਰੀਜ਼ ਹਸਪਤਾਲਾਂ ਵਿਚ ਦਾਖ਼ਲ ਹਨ, ਜਿਨ੍ਹਾਂ ਵਿੱਚੋਂ 70 ਇੰਟੈਂਸਿਵ ਕੇਅਰ ਯੂਨਿਟ ਵਿਚ ਹਨ। ਕੋਰੋਨਾ ਵਾਇਰਸ ਦੇ ਜ਼ੋਖ਼ਮ ਨੂੰ ਘੱਟ ਕਰਨ ਦੇ ਉਦੇਸ਼ ਨਾਲ ਤਾਲਾਬੰਦੀ ਵਿਚ ਕੀਤੇ ਗਏ ਵਾਧੇ ਸੰਬੰਧੀ ਨਿਯਮਾਂ ਦੀ ਸਰਕਾਰ ਦੁਆਰਾ 18 ਫਰਵਰੀ ਨੂੰ ਸਮੀਖਿਆ ਕੀਤੀ ਜਾਵੇਗੀ।
 

Sanjeev

This news is Content Editor Sanjeev