ਉੱਤਰੀ ਪਾਕਿ 6.4 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਨਾਲ ਕੰਬਿਆ, 1 ਜ਼ਖਮੀ

12/21/2019 1:29:58 AM

ਇਸਲਾਮਾਬਾਦ - ਪਾਕਿਸਤਾਨ ਦੇ ਉੱਤਰੀ ਇਲਾਕੇ 'ਚ ਸ਼ੁੱਕਰਵਾਰ ਨੂੰ ਭੂਚਾਲ ਦਾ ਜ਼ਬਰਦਸ਼ਤ ਝਟਕਾ ਮਹਿਸੂਸ ਕੀਤਾ ਗਿਆ, ਜਿਸ ਦੀ ਤੀਬਰਤਾ 6.4 ਦਰਜ ਕੀਤੀ ਗਈ। ਭੂਚਾਲ ਕਾਰਨ 4 ਸਾਲ ਦਾ ਇਕ ਬੱਚਾ ਜ਼ਖਮੀ ਹੋ ਗਿਆ ਅਤੇ ਲੋਕ ਦਹਿਸ਼ਤ ਕਾਰਨ ਘਰਾਂ 'ਚੋਂ ਬਾਹਰ ਨਿਕਲ ਗਏ। ਇਸਲਾਮਾਬਾਦ ਸਥਿਤ ਰਾਸ਼ਟਰੀ ਭੂਚਾਲ ਨਿਗਰਾਨੀ ਕੇਂਦਰ ਮੁਤਾਬਕ 6.4 ਤੀਬਰਤਾ ਦੇ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂਕੁਸ਼ ਸੀ ਅਤੇ ਇਹ ਸਤਹ ਤੋਂ ਕਰੀਬ 210 ਕਿਲੋਮੀਟਰ ਹੇਠਾਂ ਸੀ। ਖੈਬਰ ਪਖਤੂਨਖਵਾ ਦੇ ਸੂਬਾਈ ਆਪਦਾ ਪ੍ਰਬੰਧਨ ਅਥਾਰਟੀ (ਪੀ. ਡੀ. ਐੱਮ. ਏ.) ਨੇ ਆਕਲਨ ਰਿਪੋਰਟ 'ਚ ਦੱਸਿਆ ਕਿ ਉੱਪਰੀ ਦੀਰ ਜ਼ਿਲੇ 'ਚ ਸੁਰੱਖਿਆ ਕੰਧ ਡਿੱਗਣ ਨਾਲ ਇਕ ਬੱਚਾ ਜ਼ਖਮੀ ਹੋ ਗਿਆ। ਇਸ 'ਚ ਆਖਿਆ ਗਿਆ ਹੈ ਕਿ ਇਲਾਕੇ 'ਚ ਇਕ ਘਰ ਹਾਦਸਾਗ੍ਰਸਤ ਹੋਇਆ ਹੈ। ਹਾਲਾਂਕਿ, ਅਮਰੀਕੀ ਭੂ-ਵਿਗਿਆਨਕ ਸਰਵੇਖਣ (ਯੂ. ਐੱਸ. ਜੀ. ਐੱਸ.) ਨੇ ਭੂਚਾਲ ਦੀ ਤੀਬਰਤਾ 6.1 ਦੱਸੀ ਹੈ। ਯੂ. ਐੱਸ. ਜੀ. ਐੱਸ. ਮੁਤਾਬਕ ਘੱਟ ਅੰਤਰਾਲ 'ਤੇ 2 ਝਟਕੇ ਮਹਿਸੂਸ ਕੀਤੇ ਗਏ ਅਤੇ ਕਾਬੁਲ ਅਤੇ ਇਸਲਾਮਾਬਾਦ 'ਚ ਲੋਕ ਘਬਰਾ ਕੇ ਸੜਕਾਂ 'ਤੇ ਆ ਗਏ।



ਡਾਨ ਅਖਬਾਰ ਦੀ ਖਬਰ ਮੁਤਾਬਕ ਯੂ. ਐੱਸ. ਜੀ. ਐੱਸ. ਨੇ ਛੋਟੇ ਪੈਮਾਨੇ 'ਤੇ ਆਰਥਿਕ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਹੈ। ਭੂਚਾਲ ਦੇ ਝਟਕੇ ਰਾਜਧਾਨੀ ਇਸਲਾਮਾਬਾਦ, ਮੁਰੀ, ਲਾਹੌਰ ਅਤੇ ਪੇਸ਼ਾਵਰ ਸਮੇਤ ਪੂਰੇ ਉੱਤਰੀ ਪਾਕਿਸਤਾਨ 'ਚ ਮਹਿਸੂਸ ਕੀਤੇ ਗਏ। ਸਥਾਨਕ ਟੀ. ਵੀ. ਚੈਨਲਾਂ ਵੱਲੋਂ ਪ੍ਰਸਾਰਿਤ ਫੁੱਟੇਜ਼ 'ਚ ਘਬਰਾਏ ਲੋਕ ਘਰਾਂ ਅਤੇ ਇਮਾਰਤਾਂ 'ਚੋਂ ਭੱਜਦੇ ਹੋਏ ਬਾਹਰ ਆਉਂਦੇ ਦੇਖੇ ਗਏ। ਅਖਬਾਰ ਮੁਤਾਬਕ ਜਦ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਉਦੋਂ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ ਅਤੇ ਸੰਸਦ ਮੈਂਬਰ ਸੈਸ਼ਨ ਛੱਡ ਇਮਾਰਤ ਤੋਂ ਬਾਹਰ ਚਲੇ ਗਏ। 'ਦਿ ਐਕਸਪ੍ਰੈਸ ਟ੍ਰਿਬਿਊਨ' ਅਖਬਾਰ ਨੇ ਦੱਸਿਆ ਕਿ ਸਵਾਤ, ਬੰਨੂ, ਨੌਸ਼ੇਰਾ, ਹਾਂਗੂ, ਲੱਕੀ ਮਰਵਾਤ, ਬਾਜ਼ੌਰ, ਚਾਰਸੱਡਾ, ਮਰਦਾਨ, ਸਵਾਬੀ, ਮਲਕਾਂਡ, ਬਨੂਰ, ਸਾਂਗਲਾ, ਹਰੀਪੁਰ, ਐਬਟਾਬਾਦ, ਮਨਸ਼ੇਰਾ, ਕੋਹੀਸਤਾਨ ਅਤੇ ਕੋਹਾਟ 'ਚ ਵੀ ਝਟਕੇ ਮਹਿਸੂਸ ਕੀਤੇ ਗਏ। ਜ਼ਿਕਰਯੋਗ ਹੈ ਕਿ ਇਸ ਸਾਲ ਸਤੰਬਰ 'ਚ ਪਾਕਿਸਾਤਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਉੱਤਰ ਪੂਰਬੀ ਸ਼ਹਿਰਾਂ 'ਚ ਆਏ 5.8 ਤੀਬਰਤਾ ਦੇ ਭੂਚਾਲ ਨਾਲ 38 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 452 ਲੋਕ ਜ਼ਖਮੀ ਹੋਏ ਸਨ।

Khushdeep Jassi

This news is Content Editor Khushdeep Jassi