ਉੱਤਰੀ ਕੋਰੀਆ ਨੇ ਪਰਮਾਣੂ ਪਰੀਖਣਾਂ ''ਤੇ ਲੱਗੀ ਰੋਕ ਹਟਾਈ : ਕਿਮ ਜੋਂਗ

01/01/2020 11:05:17 AM

ਸਿਓਲ (ਭਾਸ਼ਾ): ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਐਲਾਨ ਕੀਤਾ ਕਿ ਪਿਓਂਗਯਾਂਗ ਆਪਣੇ ਪਰਮਾਣੂ ਅਤੇ ਅੰਤਰਮਹਾਦੀਪੀ ਬੈਲਿਸਟਿਕ ਮਿਜ਼ਾਈਲ ਪਰੀਖਣਾਂ 'ਤੇ ਲੱਗੀ ਰੋਕ ਹਟਾ ਰਿਹਾ ਹੈ। ਸਰਕਾਰੀ ਸਮਾਚਾਰ ਏਜੰਸੀ ਕੇ.ਸੀ.ਐੱਨ.ਏ. ਨੇ ਕਿਮ ਦੇ ਹਵਾਲੇ ਨਾਲ ਕਿਹਾ,''ਸਾਡੇ ਲਈ ਹੁਣ ਇਕਪਾਸੜ ਵਚਨਬੱਧਤਾ ਨੂੰ ਨਿਭਾਉਂਦੇ ਰਹਿਣ ਦਾ ਕੋਈ ਆਧਾਰ ਨਹੀਂ ਹੈ।'' ਕਿਮ ਨੇ ਸੱਤਾਧਾਰੀ ਪਾਰਟੀ ਦੇ ਅਧਿਕਾਰੀਆਂ ਨੂੰ ਕਿਹਾ,''ਦੁਨੀਆ ਇਕ ਨਵਾਂ ਰਣਨੀਤਕ ਹਥਿਆਰ ਦੇਖੇਗੀ ਜੋ ਨੇੜਲੇ ਭਵਿੱਖ ਵਿਚ ਉੱਤਰੀ ਕੋਰੀਆ ਦੇ ਕੋਲ ਹੋਵੇਗਾ।'' ਇਸ ਤੋਂ ਪਹਿਲਾਂ ਉੱਤਰੀ ਕੋਰੀਆ ਅਮਰੀਕਾ ਦੇ ਸਾਰੇ ਭੂ-ਭਾਗ ਤੱਕ ਮਾਰ ਕਰਨ ਵਿਚ ਸਮੱਰਥ ਮਿਜ਼ਾਈਲਾਂ ਦੇ ਪਰੀਖਣ ਅਤੇ 6 ਪਰਮਾਣੂ ਪਰੀਖਣ ਕਰ ਚੁੱਕਾ ਹੈ। ਅਜਿਹੇ ਪਰੀਖਣਾਂ 'ਤੇ ਖੁਦ ਲਗਾਈ ਗਈ ਪਾਬੰਦੀ ਪਿਛਲੇ 2 ਸਾਲ ਤੋਂ ਉੱਤਰੀ ਕੋਰੀਆ ਅਤੇ ਅਮਰੀਕਾ ਦੇ ਵਿਚ ਪਰਮਾਣੂ ਕੂਟਨੀਤੀ ਦਾ ਕੇਂਦਰ ਸੀ। ਕਿਮ ਨੇ ਭਾਵੇਂਕਿ ਹੁਣ ਕਿਹਾ ਹੈਕਿ ਇਸ ਪਾਬੰਦੀ ਦੀ ਕੋਈ ਲੋੜ ਨਹੀਂ। 

ਮਾਹਰਾਂ ਦਾ ਮੰਨਣਾ ਹੈ ਕਿ ਇਹ ਅਜਿਹਾ ਐਲਾਨ ਹੈ ਜਿਵੇਂ ਕਿਮ ਟਰੰਪ ਦੇ ਸਿਰ 'ਤੇ ਮਿਜ਼ਾਈਲ ਰੱਖ ਰਹੇ ਹਨ ਪਰ ਇਸ ਤਰ੍ਹਾਂ ਦੇ ਉਕਸਾਵੇ 'ਤੇ ਪਿਓਂਗਯਾਂਗ ਨੂੰ ਵੀ ਜਵਾਬ ਮਿਲੇਗਾ। ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚ ਫਰਵਰੀ ਵਿਚ ਹਨੋਈ ਸਿਖਰ ਵਾਰਤਾ ਬੇਨਤੀਜਾ ਰਹਿਣ ਦੇ ਬਾਅਦ ਤੋ ਵਾਰਤਾ ਵਿਚ ਗਤੀਰੋਧ ਬਣਿਆ ਹੋਇਆ ਹੈ। ਗੌਰਤਲਬ ਹੈ ਕਿ ਉੱਤਰੀ ਕੋਰੀਆ ਕਈ ਮਹੀਨਿਆਂ ਤੋਂ ਆਪਣੇ ਪਰਮਾਣੂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਨੂੰ ਲੈ ਕੇ ਅੰਤਰਰਾਸ਼ਟਰੀ ਪਾਬੰਦੀਆਂ ਵਿਚ ਢਿੱਲ ਦੇਣ ਦੀ ਮੰਗ ਕਰ ਰਿਹਾ ਹੈ। ਉੱਥੇ ਅਮਰੀਕਾ ਨੇ ਪਹਿਲਾਂ ਹੀ ਸੰਕੇਤ ਦਿੱਤੇ ਹਨ ਕਿ ਜੇਕਰ ਉੱਤਰੀ ਕੋਰੀਆ ਲੰਬੀ ਦੂਰੀ ਦੀ ਮਿਜ਼ਾਈਲ ਦਾ ਪਰੀਖਣ ਕਰਦਾ ਹੈ ਤਾਂ ਉਹ ਉਸ ਦਾ ਜਵਾਬ ਦੇਵੇਗਾ। 


Vandana

Content Editor

Related News