ਅਮਰੀਕਾ : ਚਿੜੀਆਘਰ ''ਚ ਸ਼ੇਰ ਨੇ ਕੀਤਾ ਮਹਿਲਾ ਕਰਮਚਾਰੀ ''ਤੇ ਹਮਲਾ, ਮੌਤ

12/31/2018 2:35:04 PM

ਉੱਤਰੀ ਕੈਰੋਲੀਨਾ, (ਏਜੰਸੀ)— ਉੱਤਰੀ ਕੈਰੋਲੀਨਾ 'ਚ ਐਤਵਾਰ ਨੂੰ ਕੰਜ਼ਰਵੇਟਰਜ਼ ਸੈਂਟਰ ਨਾਂ ਦੇ ਇਕ ਚਿੜੀਆਘਰ 'ਚੋਂ ਸ਼ੇਰ ਬਾਹਰ ਨਿਕਲ ਗਿਆ ਅਤੇ ਉਸ ਨੇ ਅਲੈਗਜ਼ੈਂਡਰ ਬਲੈਕ ਨਾਂ ਦੀ ਇਕ 22 ਸਾਲਾ ਮਹਿਲਾ ਕਰਮਚਾਰੀ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਚਿੜੀਆਘਰ 'ਚ ਟਰੇਨਡ ਅਧਿਕਾਰੀ ਸ਼ੇਰਾਂ ਦੀ ਸਫਾਈ ਆਦਿ ਲਈ ਅੰਦਰ ਗਏ ਸਨ ਅਤੇ ਇਸ ਦੌਰਾਨ ਕਿਸੇ ਤਰ੍ਹਾਂ ਇਕ ਸ਼ੇਰ ਬਚ ਕੇ ਬਾਹਰ ਨਿਕਲ ਗਿਆ ਅਤੇ ਉਸ ਨੇ ਇਕ 22 ਸਾਲਾ ਮਹਿਲਾ ਕਰਮਚਾਰੀ 'ਤੇ ਹਮਲਾ ਕਰ ਦਿੱਤਾ, ਜੋ ਦੋ ਹਫਤੇ ਪਹਿਲਾਂ ਹੀ ਇੱਥੇ ਨੌਕਰੀ ਕਰਨ ਲਈ ਆਈ ਸੀ। ਇਹ ਖਬਰ ਮਿਲਦਿਆਂ ਹੀ ਅਧਿਕਾਰੀਆਂ ਨੇ ਸ਼ੇਰ ਨੂੰ ਗੋਲੀ ਮਾਰ ਦਿੱਤੀ।

ਮਹਿਲਾ ਕਰਮਚਾਰੀ ਇੰਡੀਆਨਾ ਦੀ ਰਹਿਣ ਵਾਲੀ ਸੀ, ਜਿੱਥੋਂ ਉਸ ਨੇ ਹਾਲ ਹੀ 'ਚ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਸੀ। ਸਥਾਨਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਜਾਨਵਰਾਂ 'ਚ ਰਹਿਣਾ ਪਸੰਦ ਕਰਦੀ ਸੀ। ਇੱਥੋਂ ਦੇ ਚਿੜੀਆਘਰ 'ਚ 80 ਜਾਨਵਰ ਹਨ ਜਿੱਥੇ 20 ਨਸਲਾਂ ਦੇ ਸ਼ੇਰ, ਚੀਤੇ ਅਤੇ ਬਾਘ ਆਦਿ ਰੱਖੇ ਗਏ ਹਨ। ਇਸ ਚਿੜੀਆਘਰ ਨੂੰ 1999 'ਚ ਬਣਾਇਆ ਗਿਆ ਸੀ।
ਸਾਲ 2004 'ਚ ਅਮਰੀਕੀ ਖੇਤੀ ਡਿਪਾਰਟਮੈਂਟ ਨੇ ਹੋਰ 14 ਸ਼ੇਰਾਂ ਅਤੇ ਚੀਤਿਆਂ ਨੂੰ ਚਿੜੀਆਘਰ 'ਚ ਲਿਆਂਦਾ ਸੀ। ਤੁਹਾਨੂੰ ਦੱਸ ਦਈਏ ਕਿ ਇਸ ਚਿੜੀਆਘਰ ਨੂੰ ਦੇਖਣ ਹਰ ਸਾਲ ਲਗਭਗ 16,000 ਲੋਕ ਆਉਂਦੇ ਹਨ।