ਪਾਕਿ 'ਚ ਗੈਰ-ਮੁਸਲਮਾਨ ਨਹੀਂ ਲੱੜ ਸਕਣਗੇ ਚੋਣਾਂ, ਪਾਸ ਹੋਇਆ ਪ੍ਰਸਤਾਵ

01/12/2020 2:07:42 AM

ਇਸਲਾਮਾਬਾਦ - ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰੇ ਖਿਲਾਫ ਭੇਦਭਾਵ ਕਿਸੇ ਤੋਂ ਲੁੱਕਿਆ ਨਹੀਂ ਹੈ। ਹਾਲ ਹੀ 'ਚ ਸਿੱਖਾਂ ਦੇ ਪਵਿੱਤਰ ਗੁਰਦੁਆਰੇ 'ਤੇ ਹੋਏ ਹਮਲੇ ਤੋਂ ਬਾਅਦ ਹੁਣ ਇਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਹੁਣ ਮੁਲਤਾਨ ਬਾਰ ਐਸੋਸੀਏਸ਼ਨ ਨੇ ਇਕ ਪ੍ਰਸਤਾਵ ਪਾਸ ਕੀਤਾ ਹੈ, ਜਿਸ ਮੁਤਾਬਕ ਬਾਰ ਕਾਊਂਸਿਲ ਦੀਆਂ ਚੋਣਾਂ 'ਚ ਕੋਈ ਵੀ ਗੈਰ-ਮੁਸਲਿਮ ਹਿੱਸਾ ਨਹੀਂ ਲੈ ਸਕਦਾ। ਇਸ ਚੋਣਾਂ 'ਚ ਅਹਿਮਦੀਆ ਮਸੁਲਿਮ ਉਮੀਦਵਾਰ ਵੀ ਨਹੀਂ ਖੜ੍ਹੇ ਹੋ ਸਕਣਗੇ। ਮੁਲਤਾਨ ਦੀ ਜ਼ਿਲਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਇਹ ਪ੍ਰਸਤਾਵ ਲਿਆਂਦਾ ਗਿਆ ਹੈ।

ਮੀਡੀਆ ਰਿਪੋਰਟ ਮੁਤਾਬਕ, ਇਸ 'ਚ ਆਖਿਆ ਗਿਆ ਹੈ ਕਿ ਚੋਣਾਂ ਲੱੜਣ ਵਾਲੇ ਉਮੀਦਵਾਰ ਨੂੰ ਹੁਣ ਇਕ ਹਲਫਨਾਮਾ ਵੀ ਦੇਣਾ ਹੋਵੇਗਾ, ਜਿਸ 'ਚ ਉਸ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਦਾ ਵਿਸ਼ਵਾਸ ਇਸਲਾਮ 'ਚ ਹੈ। ਇਹ ਪ੍ਰਸਤਾਵ ਅਜਿਹੇ ਸਮੇਂ 'ਚ ਪਾਸ ਕੀਤਾ ਗਿਆ ਹੈ, ਜਦ ਪੂਰੀ ਦੁਨੀਆ 'ਚ ਪਾਕਿਸਤਾਨ ਘੱਟ ਗਿਣਤੀਆਂ 'ਚ ਹੋ ਰਹੇ ਹਮਲਿਆਂ ਕਾਰਨ ਨਿੰਦਾ ਦਾ ਸ਼ਿਕਾਰ ਹੋ ਰਿਹਾ ਹੈ। ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰੇ ਖਿਲਾਫ ਲਗਾਤਾਰ ਹੋ ਰਹੇ ਅਪਰਾਧਾਂ ਦੀਆਂ ਖਬਰਾਂ ਆ ਰਹੀਆਂ ਹਨ। ਇਨ੍ਹਾਂ 'ਚ ਘੱਟ ਗਿਣਤੀ ਦਾ ਜਬਰਦਸ਼ਤੀ ਧਰਮ ਪਰਿਵਰਤਨ, ਔਰਤਾਂ ਨਾਲ ਬਲਾਤਕਾਰ, ਅਗਵਾਹ ਕਰਨ ਜਿਹੇ ਅਪਰਾਧ ਹਨ। ਜਿਨ੍ਹਾਂ ਘੱਟ ਗਿਣਤੀਆਂ ਖਿਲਾਫ ਅਪਰਾਧ ਹੋ ਰਹੇ ਹਨ ਉਨ੍ਹਾਂ 'ਚ ਹਿੰਦੂ, ਕ੍ਰਿਸ਼ੀਅਨ, ਸਿੱਖ, ਅਹਿਮਦੀਆ ਅਤੇ ਸ਼ੀਆ ਮੁਸਲਮਾਨ ਵੀ ਸ਼ਾਮਲ ਹਨ।

ਪਿਛਲੇ ਦਿਨੀਂ ਸਿੱਖ ਵਿਅਕਤੀ ਦੀ ਹੋਈ ਸੀ ਹੱਤਿਆ
ਪਾਕਿਸਤਾਨ 'ਚ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਪਾਕਿਸਤਾਨ 'ਚ ਇਕ ਸਿੱਖ ਵਿਅਕਤੀ ਦੀ ਹੱਤਿਆ ਹੋਣ 'ਤੇ ਵਿਵਾਦ ਹੋਇਆ ਸੀ। ਜ਼ਿਕਰਯੋਗ ਹੈ ਕਿ ਬੀਤੀ 4 ਜਨਵਰੀ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਪਰਵਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਭਾਰਤ ਨੇ ਪਿਛਲੇ ਐਤਵਾਰ ਨੂੰ ਇਸ ਘਟਨਾ ਨੂੰ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਮੈਂਬਰ ਦੀ ਹੱਤਿਆ ਦੀ ਸਖਤ ਨਿੰਦਾ ਕੀਤੀ ਸੀ। ਹਾਲਾਂਕਿ ਬਾਅਦ 'ਚ ਪੁਲਸ ਨੇ ਇਹ ਦਾਅਵਾ ਕੀਤਾ ਸੀ ਕਿ ਪਰਵਿੰਦਰ ਦੀ ਹੱਤਿਆ ਉਸ ਦੀ ਮੰਗੇਤਰ ਨੇ ਕਰਾਈ ਸੀ। ਮੁਸਲਿਮ ਬਹੁਲ ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੀ ਆਬਾਦੀ ਕੁਲ ਆਬਾਦੀ ਦੀ ਸਿਰਫ 2 ਫੀਸਦੀ ਹੈ।

Khushdeep Jassi

This news is Content Editor Khushdeep Jassi