ਨਾਈਜੀਰੀਆ ''ਚ ਹੜ੍ਹ ਕਾਰਨ ਡਿੱਗੀਆਂ ਇਮਾਰਤਾਂ, 5 ਲੋਕਾਂ ਦੀ ਮੌਤ

08/20/2019 9:16:54 AM

ਅਬੂਜਾ— ਨਾਈਜੀਰੀਆ 'ਚ ਭਾਰੀ ਮੀਂਹ ਤੇ ਹੜ੍ਹ ਕਾਰਨ ਸੋਮਵਾਰ ਨੂੰ ਦੋ ਇਮਾਰਤਾਂ ਢਹਿ ਗਈਆਂ, ਜਿਸ ਕਾਰਨ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ। ਨਾਈਜੀਰੀਆ 'ਚ ਦੋ ਥਾਵਾਂ 'ਤੇ ਇਹ ਹਾਦਸਾ ਵਾਪਰਿਆ। ਕਿਰਿਕਾਸਮਾ ਇਲਾਕੇ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਇਮਾਰਤਾਂ ਹਿੱਲ ਗਈਆਂ ਸਨ ਅਤੇ ਅਚਾਨਕ ਇਨ੍ਹਾਂ ਦੇ ਡਿੱਗ ਜਾਣ ਕਾਰਨ ਕਾਫੀ ਨੁਕਸਾਨ ਹੋ ਗਿਆ। ਜਾਣਕਾਰੀ ਮੁਤਾਬਕ ਇਕ ਇਮਾਰਤ ਹੇਠ ਇਕ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। ਇਕ ਹੋਰ ਇਮਾਰਤ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। 

ਲੋਕਲ ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ 30 ਪਿੰਡਾਂ 'ਚ ਹੜ੍ਹ ਆ ਗਿਆ। ਇਸ ਕਾਰਨ 330 ਘਰ ਬਰਬਾਦ ਹੋ ਚੁੱਕੇ ਹਨ।  ਨਾਈਜੀਰੀਆ ਦੇ ਹਾਈਡ੍ਰੋਲੋਜੀਕਲ ਸਰਵਿਸ ਏਜੰਸੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਲਰਟ ਜਾਰੀ ਕੀਤਾ ਹੋਇਆ ਸੀ ਤੇ ਕਈ ਇਲਾਕੇ ਤਾਂ ਖਤਰੇ ਦੇ ਕਾਫੀ ਨੇੜੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਮਾੜੀਆਂ ਸੜਕਾਂ, ਪੁਲਾਂ ਅਤੇ ਬੰਨ੍ਹਾਂ ਕਾਰਨ ਹੜ੍ਹ ਦੇ ਪਾਣੀ ਨੂੰ ਰੋਕਿਆ ਨਹੀਂ ਜਾ ਸਕਿਆ। ਪਾਣੀ ਦੀ ਨਿਕਾਸੀ ਦਾ ਕੋਈ ਚੰਗਾ ਬਦਲ ਨਾ ਹੋਣ ਕਾਰਨ ਪਾਣੀ ਘਰਾਂ 'ਚ ਜਾ ਰਿਹਾ ਹੈ ਤੇ ਘਰਾਂ ਦੀਆਂ ਨੀਂਹਾਂ ਕਮਜ਼ੋਰ ਹੋ ਗਈਆਂ ਹਨ।
ਇਸ ਸਾਲ ਨਾਈਜੀਰੀਆ ਦੇ 36 ਸੂਬਿਆਂ ਅਤੇ ਸੰਘੀ ਕੈਪੀਟਲ ਟੈਰੇਟਰੀ ਅਬੂਜਾ 'ਚ ਹੜ੍ਹ ਆ ਚੁੱਕਾ ਹੈ, ਜਿਸ ਕਾਰਨ ਦੇਸ਼ ਨੂੰ ਕਾਫੀ ਨੁਕਸਾਨ ਹੋਇਆ ਹੈ।