ਕੋਵਿਡ-19 : ਨੀਦਰਲੈਂਡ ਤੇ ਨਾਈਜੀਰੀਆ 'ਚ ਪਹਿਲੇ ਮਾਮਲੇ ਦੀ ਪੁਸ਼ਟੀ, ਇਟਲੀ 'ਚ 17 ਦੀ ਮੌਤ

02/28/2020 11:31:59 AM

ਲਾਗੋਸ/ਰੋਮ (ਭਾਸ਼ਾ): ਨਾਈਜੀਰੀਆ ਅਤੇ ਨੀਦਰਲੈਂਡ ਵਿਚ ਜਾਨਲੇਵਾ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਜਦਕਿ ਇਟਲੀ ਵਿਚ ਇਸ ਵਾਇਰਸ ਨਾਲ ਹੁਣ ਤੱਕ 17 ਲੋਕਾਂ ਦੇ ਮਰਨ ਦੀ ਖਬਰ ਹੈ। ਉਪ ਸਹਾਰਾ ਅਫਰੀਕਾ ਵਿਚ ਨਾਈਜੀਰੀਆ ਨੇ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ। ਸਿਹਤ ਮੰਤਰੀ ਓਸਾਗੀ ਐਹਨਾਇਰ ਨੇ ਟਵਿੱਟਰ 'ਤੇ ਇਕ ਬਿਆਨ ਵਿਚ ਕਿਹਾ,''ਇਹ ਮਾਮਲਾ ਇਟਾਲੀਅਨ ਨਾਗਰਿਕ ਦਾ ਹੈ ਜੋ ਨਾਈਜੀਰੀਆ ਵਿਚ ਕੰਮ ਕਰਦਾ ਹੈ। ਉਹ 25 ਫਰਵਰੀ ਨੂੰ ਇਟਲੀ ਦੇ ਮਿਲਾਨ ਤੋਂ ਨਾਈਜੀਰੀਆ ਦੇ ਲਾਗੋਸ ਪਰਤਿਆ ਸੀ।'' ਉਹਨਾਂ ਨੇ ਕਿਹਾ,''ਮਰੀਜ਼ ਦੀ ਹਾਲਤ ਸਥਿਰ ਬਣੀ ਹੋਈ ਹੈ ਅਤੇ ਉਸ ਵਿਚ ਕੋਈ ਗੰਭੀਰ ਲੱਛਣ ਦੇਖਣ ਨੂੰ ਨਹੀਂ ਮਿਲੇ ਹਨ। ਲਾਗੋਸ ਦੇ ਯਾਬਾ ਵਿਚ ਛੂਤ ਦੇ ਰੋਗਾਂ ਦੇ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ।''

ਨਾਈਜੀਰੀਆ ਵਿਚ ਇਸ ਤੋਂ ਪਹਿਲਾਂ ਪੂਰੇ ਅਫਰੀਕਾ ਵਿਚ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਏ ਸਨ। ਇਕ ਮਿਸਰ ਤੋਂ ਅਤੇ ਦੂਜਾ ਅਲਜੀਰੀਆ ਤੋਂ। ਚੀਨ ਦੇ ਨਾਲ ਟਾਪੂ ਦੇ ਕਰੀਬੀ ਆਰਥਿਕ ਸੰਬੰਧਾਂ ਦੇ ਕਾਰਨ ਇਹਨਾਂ ਮਾਮਲਿਆਂ ਨੇ ਸਿਹਤ ਮਾਹਰਾਂ ਦੀ ਚਿੰਤਾ ਵਧਾ ਦਿੱਤੀ ਸੀ। ਵਿਸ਼ਵ ਸਿਹਤ ਸੰਗਠਨ ਨੇ ਇਸ ਹਫਤੇ ਦੇ ਸ਼ੁਰੂ ਵਿਚ ਚਿਤਾਵਨੀ ਦਿੱਤੀ ਸੀ ਕਿ ਜੇਕਰ ਜਾਨਲੇਵਾ ਕੋਰੋਨਾਵਾਇਰਸ ਦਾ ਪ੍ਰਕੋਪ ਫੈਲਦਾ ਹੈ ਤਾਂ ਅਫਰੀਕੀ ਸਿਹਤ ਸਿਸਟਮ ਇਸ ਨਾਲ ਨਜਿੱਠਣ ਵਿਚ ਅਸਮਰੱਥ ਹੈ। 

ਨੀਦਰਲੈਂਡ ਵਿਚ ਪਹਿਲੇ ਮਾਮਲੇ ਦੀ ਪੁਸ਼ਟੀ
ਉੱਧਰ ਨੀਦਰਲੈਂਡ ਵਿਚ ਵੀ ਵੀਰਵਾਰ ਨੂੰ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ। ਉੱਤਰੀ ਇਟਲੀ ਦੀ ਯਾਤਰਾ ਕਰਨ ਵਾਲੇ ਇਕ ਮਰੀਜ਼ ਦੇ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ।ਉੱਤਰੀ ਇਟਲੀ ਯੂਰਪ ਵਿਚ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹੈ। ਨੈਸ਼ਨਲ ਇੰਸਟੀਚਿਊਟ ਫੌਰ ਪਬਲਿਕ ਹੈਲਥ ਐਂਡ ਇਨਵਾਇਰਮੈਂਟ ਨੇ ਦੱਸਿਆ ਕਿ ਇਸ ਮਰੀਜ਼ ਦੇ ਕਰੀਬੀ ਸੰਪਰਕ ਵਿਚ ਰਹਿਣ ਵਾਲੇ ਲੋਕਾਂ ਦੀ ਜਾਂਚ ਕੀਤੀ ਗਈ ਹੈ ਅਤੇ ਮਰੀਜ਼ ਨੂੰ ਦੱਖਣ ਟਿਲਬਰਗ ਸ਼ਹਿਰ ਦੇ ਇਕ ਹਸਪਤਾਲ ਵਿਚ ਵੱਖਰੇ ਰੱਖਿਆ ਗਿਆ ਹੈ। 

ਸੰਸਥਾ ਨੇ ਦੇਸ਼ ਵਿਚ ਸਾਰਿਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਪ੍ਰਧਾਨ ਮੰਤਰੀ ਮਾਰਕ ਰੂਟ ਨੇ ਟਵਿੱਟਰ 'ਤੇ ਕਿਹਾ,''ਮੈਂ ਇਸ ਨਾਲ ਨਜਿੱਠਣ ਲਈ ਕਦਮ ਚੁੱਕਣ ਨੂੰ ਲੈ ਕੇ ਬਰੂਨੋ ਬਰੁਇੰਸ (ਸਿਹਤ ਮੰਤਰੀ), ਹੋਰਾਂ ਦੇ ਸਿੱਧੇ ਸੰਪਰਕ ਵਿਚ ਹਾਂ।'' ਉਹਨਾਂ ਨੇ ਆਸ ਜ਼ਾਹਰ ਕੀਤੀ ਕਿ ਮਰੀਜ਼ ਜਲਦੀ ਹੀ ਸਿਹਤਮੰਦ ਹੋ ਜਾਵੇਗਾ।

ਇਟਲੀ 'ਚ 17 ਲੋਕਾਂ ਦੀ ਮੌਤ
ਇਟਲੀ ਨਾਗਰਿਕ ਸੁਰੱਖਿਆ ਵਿਭਾਗ ਦੇ ਪ੍ਰਮੁੱਖ ਏਂਜੇਲੋ ਬੋਰੇਲੀ ਨੇ ਕਿਹਾ ਕਿ ਦੇਸ਼ ਵਿਚ ਉੱਤਰੀ ਲੋਮਬਾਰਡੀ ਖੇਤਰ ਵਿਚ 3 ਹੋਰ ਲੋਕਾਂ ਦੀ ਮੌਤ ਦੋ ਬਾਅਦ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਬੋਰੇਲੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਵੀਰਵਾਰ ਤੱਕ ਇਨਫੈਕਸ਼ਨ ਦੇ 122 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਕੋਰੋਨਾਵਾਇਰਸ ਨਾਲ ਇਨਫਕੈਟਿਡ ਲੋਕਾਂ ਦੀ ਗਿਣਤੀ ਵੱਧ ਕੇ 650 ਹੋ ਗਈ। 

ਉਹਨਾਂ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਮਾਰੇ ਗਏ 3 ਲੋਕਾਂ ਦੀ ਉਮਰ 80 ਤੋਂ ਵੱਧ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਲੋਮਬਾਰਡੀ ਵਿਚ ਇਸ ਵਾਇਰਸ ਨਾਲ ਪੀੜਤ 40 ਲੋਕ ਠੀਕ ਹੋਏ ਹਨ।ਸਿਸਲੀ ਵਿਚ ਦੋ ਲੋਕ ਅਤੇ ਲਾਜਿਓ ਵਿਚ 45 ਲੋਕ ਠੀਕ ਹੋ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਵੇਨੇਟੋ ਸਭ ਤੋਂ ਵੱਧ ਪ੍ਰਭਾਵਿਤ ਹੈ। ਇੱਥੇ 37 ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।

Vandana

This news is Content Editor Vandana