ਨਾਈਜੀਰੀਆ : ਸੜਕ ਹਾਦਸੇ 'ਚ 17 ਲੋਕਾਂ ਦੀ ਮੌਤ

08/24/2019 1:39:44 PM

ਲਾਗੋਸ— ਨਾਈਜੀਰੀਆ 'ਚ ਵੀਰਵਾਰ ਨੂੰ ਇਕ ਬੱਸ ਅਤੇ ਇਕ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਕਾਰਨ 17 ਲੋਕ ਦੀ ਮੌਤ ਹੋ ਗਈ। ਸੜਕ ਸੁਰੱਖਿਆ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸੰਘੀ ਸੜਕ ਸੁਰੱਖਿਆ ਕੋਰ ਦੇ ਉਡੇਮ ਇਸ਼ਿਅਟ ਨੇ ਦੱਸਿਆ ਕਿ ਕਵਾਰਾ ਸੂਬੇ 'ਚ ਬੱਸ ਅਤੇ ਟਰੱਕ ਵਿਚਕਾਰ ਇਹ ਟੱਕਰ ਹੋਈ।

ਉਨ੍ਹਾਂ ਨੇ ਦੱਸਿਆ ਕਿ ਦੋਵੇਂ ਡਰਾਈਵਰ ਤੇਜ਼ ਸਪੀਡ ਨਾਲ ਗੱਡੀ ਚਲਾ ਰਹੇ ਸਨ ਅਤੇ ਇਕ ਮੋੜ 'ਤੇ ਦੋਵੇਂ ਕੰਟਰੋਲ ਗੁਆ ਬੈਠੇ, ਜਿਸ ਕਾਰਨ ਟਰੱਕ 'ਚ ਸਵਾਰ 2 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਰਸਤਾ ਕਾਫੀ ਮੋੜਾਂ ਵਾਲਾ ਸੀ, ਜਿੱਥੇ ਬਹੁਤ ਧਿਆਨ ਨਾਲ ਡਰਾਈਵਿੰਗ ਕਰਨ ਦੀ ਜ਼ਰੂਰਤ ਸੀ ਪਰ ਡਰਾਈਵਰਾਂ ਦੀ ਗਲਤੀ ਕਾਰਨ ਆਮ ਲੋਕਾਂ ਨੂੰ ਵੀ ਨੁਕਸਾਨ ਝੱਲਣਾ ਪਿਆ ਤੇ ਕਈ ਘਰ ਉੱਜੜ ਗਏ।
ਜ਼ਿਕਰਯੋਗ ਹੈ ਕਿ ਸੂਬੇ 'ਚ ਪਿਛਲੇ ਮਹੀਨੇ ਇਕ ਭੀੜ ਵਾਲੀ ਸੜਕ 'ਤੇ ਵਾਹਨਾਂ ਦੀ ਟੱਕਰ 'ਚ 19 ਲੋਕਾਂ ਦੀ ਮੌਤ ਹੋ ਗਈ ਸੀ। ਨਾਈਜੀਰੀਆ 'ਚ ਵਧੇਰੇ ਸੜਕ ਦੁਰਘਟਨਾਵਾਂ ਵਾਪਰਨ ਪਿੱਛੇ ਲੋਕਾਂ ਵਲੋਂ ਸੜਕ ਨਿਯਮਾਂ ਦੀ ਉਲੰਘਣਾ ਕਰਨਾ ਹੈ। ਇਸੇ ਕਾਰਨ ਰੋਜ਼ਾਨਾ ਹਾਦਸੇ ਵਾਪਰਨ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਕ ਰਿਪੋਰਟ ਮੁਤਾਬਕ 2017 'ਚ ਸੜਕ ਦੁਰਘਟਨਾ ਦੇ 9383 ਮਾਮਲੇ ਦਰਜ ਕੀਤੇ ਗਏ, ਇਨ੍ਹਾਂ 'ਚ 5121 ਲੋਕਾਂ ਦੀ ਮੌਤ ਹੋ ਗਈ।