ਨਾਈਜੀਰੀਆ : ਫੌਜੀਆਂ ਦੀ ਮਦਦ ਪਿੰਡ ਵਾਸੀਆਂ ਨੂੰ ਪਈ ਮਹਿੰਗੀ, ਡਾਕੂਆਂ ਨੇ ਹਮਲਾ ਕਰਕੇ ਮਾਰੇ 50 ਲੋਕ

03/02/2020 8:09:05 PM

ਕਾਨੋ (ਏਜੰਸੀ)- ਨਾਈਜੀਰੀਆ ਦੇ ਉੱਤਰੀ ਕਡੂਨਾ ਸੂਬੇ ਵਿਚ ਡਾਕੂਆਂ ਦੇ ਹਮਲੇ 'ਚ 50 ਲੋਕਾਂ ਦੀ ਮੌਤ ਹੋ ਗਈ। ਐਤਵਾਰ ਨੂੰ ਹੋਏ ਇਸ ਭਿਆਨਕ ਹਮਲੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਅਜੇ ਤੱਕ 50 ਲਾਸ਼ਾਂ ਬਰਾਮਦ ਹੋਈਆਂ ਹਨ।

ਲੰਬੇ ਸਮੇਂ ਤੋਂ ਨਾਈਜੀਰੀਆ ਜੂਝ ਰਿਹੈ ਡਾਕੂਆਂ ਦੇ ਹਮਲਿਆਂ ਤੋਂ
ਨਾਈਜੀਰੀਆ ਕਾਫੀ ਸਮੇਂ ਤੋਂ ਡਾਕੂਆਂ ਦੇ ਹਮਲਿਆਂ ਨਾਲ ਜੂਝ ਰਿਹਾ ਹੈ। ਇਸੇ ਸਾਲ ਜਨਵਰੀ ਵਿਚ ਨਾਈਜੀਰੀਆ ਵਿਚ ਸਮੁੰਦਰੀ ਡਾਕੂਆਂ ਨੇ ਅਫਰੀਕਾ ਦੇ ਪੱਛਮੀ ਤੱਟ ਨੇੜੇ ਕਮਰਸ਼ੀਅਲ ਜਹਾਜ਼ ਤੋਂ ਅਗਵਾ ਕੀਤੇ ਗਏ 19 ਭਾਰਤੀਆਂ ਨੂੰ ਰਿਹਾਅ ਕੀਤਾ ਗਿਆ ਸੀ। ਹਾਲਾਂਕਿ ਅਗਵਾ ਕੀਤੇ ਗਏ ਭਾਰਤੀਆਂ ਵਿਚੋਂ ਇਕ ਦੀ ਕੈਦ ਵਿਚ ਹੀ ਮੌਤ ਹੋ ਗਈ ਸੀ। ਆਬੂਜਾ ਸਥਿਤ ਭਾਰਤੀ ਹਾਈ ਕਮਿਸ਼ਨ ਦੀ ਮੰਨੀਏ ਤਾਂ ਉਸ ਨੇ ਭਾਰਤੀਆਂ ਦੀ ਰਿਹਾਈ ਲਈ ਨਾਈਜੀਰੀਆਈ ਅਧਿਕਾਰੀਆਂ ਦੇ ਨਾਲ ਗੁਆਂਢੀ ਦੇਸ਼ਾਂ ਤੋਂ ਵੀ ਮਦਦ ਮੰਗੀ ਸੀ।

ਡਾਕੂਆਂ ਨੇ 20 ਭਾਰਤੀਆਂ ਨੂੰ ਵੀ ਕੀਤਾ ਸੀ ਅਗਵਾ
ਡਾਕੂਆਂ ਨੇ ਅਫਰੀਕਾ ਦੇ ਪੱਛਮੀ ਤਟ ਨੇੜੇ ਜਹਾਜ਼ ਐਮ.ਟੀ. ਡਿਊਕ ਤੋਂ 15 ਦਸੰਬਰ ਨੂੰ ਚਾਲਕ ਦਸਤੇ ਦੇ 20 ਭਾਰਤੀ ਮੈਂਬਰਾਂ ਨੂੰ ਅਗਵਾ ਕਰ ਲਿਆ ਗਿਆ ਸੀ। ਇਸ ਤੋਂ ਪਹਿਲਾਂ ਨਾਈਜੀਰੀਆ ਵਿਚ ਸਾਲ 2016 ਵਿਚ ਦੋ ਭਾਰਤੀ ਮੈਂਗਾਪੁਡੀ ਸ਼੍ਰੀਨਿਵਾਸ ਅਤੇ ਕੌਸ਼ਲ ਅਨੀਸ ਸ਼ਰਮਾ ਨੂੰ ਸਥਾਨਕ ਅਪਰਾਧੀਆਂ ਨੇ ਅਗਵਾ ਕਰ ਲਿਆ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੂੰ ਮੁਕਤ ਕਰਵਾ ਲਿਆ ਸੀ। ਇਨ੍ਹਾਂ ਦੋਹਾਂ ਭਾਰਤੀਆਂ ਦੀ ਰਿਹਾਈ ਨੂੰ ਲੈ ਕੇ ਉਸ ਸਮੇਂ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਸੀ।

ਇਸ ਲਈ ਡਾਕੂਆਂ ਨੇ ਬਣਾਇਆ ਪਿੰਡ ਵਾਲਿਆਂ ਨੂੰ ਨਿਸ਼ਾਨਾ
ਦੱਸਿਆ ਜਾ ਰਿਹਾ ਹੈ ਕਿ ਡਾਕੂਆਂ ਨੇ ਪਿੰਡ ਵਾਸੀਆਂ ਨੂੰ ਸਿਰਫ ਇਸ ਲਈ ਨਿਸ਼ਾਨਾ ਬਣਾਇਆ ਕਿਉਂਕਿ ਪਿੰਡ ਵਾਸੀਆਂ ਵਲੋਂ ਫੌਜ ਦੀ ਮਦਦ ਕੀਤੀ ਜਾ ਰਹੀ ਸੀ, ਜਿਸ ਕਾਰਨ ਡਾਕੂਆਂ ਨੇ ਪਿੰਡ ਵਾਸੀਆਂ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਦੱਸ ਦਈਏ ਕਿ ਇਹ ਪੂਰਾ ਖੇਤਰ ਅੱਤਵਾਦੀਆਂ ਦੇ ਹਮਲਿਆਂ ਨਾਲ ਵੀ ਜੂਝ ਰਿਹਾ ਹੈ। ਨਾਈਜੀਰੀਆ ਦੇ ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਦੇ ਖਾਤਮੇ ਲਈ ਮੁਹਿੰਮ ਵਿੱਢੀ ਹੋਈ ਹੈ। ਪਿਛਲੇ ਸਾਲ ਦੀ ਸ਼ੁਰੂਆਤ ਵਿਚ ਨਾਈਜਰ ਆਰਮੀ ਨੇ ਬੋਕੋ ਹਰਮ ਦੇ ਬਾਗੀਆਂ ਖਿਲਾਫ ਕਾਰਵਾਈ ਵਿਚ 280 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਬੀਤੇ ਦਿਨੀਂ ਨਿਊਜ਼ ਏਜੰਸੀ ਏ.ਐਫ.ਪੀ. ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਪੱਛਮੀ ਨਾਈਜਰ ਵਿਚ ਆਈ.ਐਸ.ਆਈ.ਐਸ. ਅੱਤਵਾਦੀਆਂ ਦੀ ਦਹਿਸ਼ਤ ਨਾਲ ਲਗਭਗ 7000 ਲੋਕ ਇਥੋਂ ਪਲਾਇਨ ਕਰ ਚੁੱਕੇ ਸਨ।
 


Sunny Mehra

Content Editor

Related News